ਹਰੀਸ਼ ਕਾਲੜਾ
- ਹੋਲੇ ਮੁਹੱਲੇ ਮੋਕੇ ਸਟੇਟ ਬਲੱਡ ਟਰਾਂਸਫਿਊਜ਼ਨ ਕੋਂਸਲ ਦੀ ਬੱਸ ਪੰਜ ਪਿਆਰਾ ਪਾਰਕ ਨੇੜੇ ਸਥਾਪਿਤ
ਸ੍ਰੀ ਅਨੰਦਪੁਰ ਸਾਹਿਬ, 08 ਮਾਰਚ 2020 - ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਰੂਪਨਗਰ ਵਲੋਂ ਹੋਲੇ ਮੁਹੱਲੇ ਮੌਕੇ ਪਿਛਲੇ 10 ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜ ਦਿਨਾਂ ਖੂਨਦਾਨ ਕੈਂਪ ਲਗਾਉਣ ਲਈ ਤਿਆਰ ਕੀਤੀ ਬੱਸ ਪੰਜ ਪਿਆਰਾ ਪਾਰਕ ਨੇੜੇ ਸਥਾਪਿਤ ਕੀਤੀ ਹੈ। ਜਿਸ ਵਿਚ ਮਾਹਰ ਡਾਕਟਰਾਂ ਦੀਆਂ ਟੀਮਾਂ ਲਗਭਗ 500 ਯੂਨਿਟ ਖੂਨ ਇਕੱਤਰ ਕਰਕੇ ਵੱਖ-ਵੱਖ ਹਸਪਤਾਲਾਂ ਵਿਚ ਭੇਜਦੀਆਂ ਹਨ।
ਕੰਵਲਜੀਤ ਸਿੰਘ ਓਬਰਾਏ ਪ੍ਰਧਾਨ ਲਾਈਫ ਲਾਈਨ ਬਲੱਡ ਡੋਨਰਸ ਨੇ ਦੱਸਿਆ ਕਿ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਵਲੋਂ ਤਿਆਰ ਇਹ ਅਤਿ ਆਧੁਨਿਕ ਮੈਡੀਕਲ ਬੱਸ ਸਿਵਲ ਸਰਜਨ ਰੂਪਨਗਰ ਵਲੋਂ ਮੁਹੱਈਆ ਕਰਵਾਈ ਜਾਂਦੀ ਹੈ। ਹੋਲੇ ਮੁਹੱਲੇ ਦੌਰਾਨ ਇਹ ਬੱਸ ਦੋ ਦਿਨ ਰੂਪਨਗਰ ਅਤੇ ਤਿੰਨ ਦਿਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਚ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਵੱਖ-ਵੱਖ ਬਲੱਡ ਡੋਨੇਸ਼ਨ ਸੁਸਾਇਟੀਆਂ ਦੇ ਮੈਂਬਰ ਅਤੇ ਐਨ.ਜ਼ੀ.ਓ. ਇਸ ਮੌਕੇ ਸਵੈ ਇੱਛਾ ਨਾਲ ਖੂਨਦਾਨ ਕਰਨ ਲਈ ਪੁੱਜਦੇ ਹਨ ਅਤੇ ਖੂਨਦਾਨ ਕਰਨ ਵਾਲਿਆਂ ਨੂੰ ਪ੍ਰੇਰਿਤ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਖੂਨਦਾਨ ਪ੍ਰਾਪਤ ਕਰਨ ਲਈ ਸਿਵਲ ਸਰਜਨ ਰੂਪਨਗਰ ਵਲੋਂ ਮਾਹਰ ਡਾਕਟਰਾਂ ਦੀ ਟੀਮ ਤਿੰਨ ਦਿਨ, ਇੱਕ ਦਿਨ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀ ਮਾਹਰ ਡਾਕਟਰਾਂ ਦੀ ਟੀਮ, ਬੀ.ਬੀ. ਐਮ ਬੀ ਨੰਗਲ ਦੇ ਮਾਹਰ ਡਾਕਟਰਾਂ ਦੀ ਟੀਮ ਇੱਕ ਦਿਨ, ਸਿਵਲ ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਦੀ ਟੀਮ ਇੱਕ ਦਿਨ, ਸਿਵਲ ਹਸਪਤਾਲ ਮੋਗਾ ਦੇ ਮਾਹਰ ਡਾਕਟਰਾਂ ਦੀ ਟੀਮ ਇੱਕ ਦਿਨ ਸਵੈ ਇੱਛਾ ਨਾਲ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਤੋਂ ਖੂਨ ਇਕੱਤਰ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ 8 ਮਾਰਚ ਨੂੰ ਇਹ ਬੱਸ ਸਵੇਰੇ 9 ਵਜੇ ਤੋ ਸ਼ਾਮ 4 ਵਜੇ ਤੱਕ, 9 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ 10 ਮਾਰਚ ਤੋਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸ ਇਥੇ ਸਥਾਪਿਤ ਰਹੇਗੀ।