ਪਟਿਆਲਾ, 8 ਮਾਰਚ 2020 - ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਨੌਕਰੀ ਲਈ ਰੋਸ ਮਾਰਚ ਕਰਦਿਆਂ ਮੋਤੀ ਮਹਿਲ ਦੇ ਅੱਗੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਅਧਿਆਪਕ ਯੂਨੀਅਨ ਨੂੰ ਸਰਕਾਰ ਵਲੋਂ ਵੱਖ-ਵੱਖ ਮੌਕਿਆਂ ’ਤੇ ਮੀਟਿੰਗ ਕਰਨ ਤੋਂ ਬਾਅਦ ਵੀ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ।
ਅਧਿਆਪਕ ਆਗੂਆਂ ਮੁਤਾਬਕ ਜਦੋਂ ਬੇਰੁਜ਼ਗਾਰ ਅਧਿਆਪਕ ਦੁਪਹਿਰ ਨੂੰ ਨਹਿਰੂ ਪਾਰਕ ਵਿਖੇ ਇਕੱਠੇ ਹੋਏ ਤਾਂ ਪੁਲਿਸ ਵੱਲੋਂ ਨਹਿਰੂ ਭਾਗ ਦੀ ਘੇਰਾਬੰਦੀ ਸ਼ੁਰੂ ਕਰਨੀ ਕਰ ਦਿੱਤੀ ਤੇ ਉਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ ਨਹਿਰੂ ਪਾਰਕ ਦੀਆਂ ਤਾਰਾਂ ਨੂੰ ਟੱਪ ਕੇ ਸਿੱਧਾ ਮੋਤੀ ਮਹਿਲ ਵੱਲ ਵਧਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਹੀ ਪ੍ਰਸ਼ਾਸਨ ਵੱਲੋਂ ਰਸਤੇ ਵਿਚ ਕਈ ਥਾਵਾਂ ਤੇ ਧੱਕਾ ਮੁੱਕੀ ਕੀਤੀ ਗਈ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਪੁਲਿਸ ਨੂੰ ਭਾਜੜਾ ਪਾਉਂਦੇ ਹੋਏ ਵਾਈ ਪੀ ਐੱਸ ਚੌਕ ‘ਤੇ ਪਹੁੰਚੇ।
ਜਿੱਥੇ ਪੁਲਿਸ ਵੱਲੋਂ ਬੈਰੀਗੇਟ ਲਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਕਿ ਜਦੋਂ ਬੇਰੁਜ਼ਗਾਰ ਅਧਿਆਪਕ ਅੱਗੇ ਵਧਣ ਲੱਗੇ ਤਾਂ ਪੁਲਿਸ ਵੱਲੋਂ ਉਨ੍ਹਾਂ ਉੱਪਰ ਜ਼ੋਰਦਾਰ ਤਰੀਕੇ ਨਾਲ ਲਾਠੀਚਾਰਜ ਕੀਤਾ ਗਿਆ।
ਅੱਜ ਜਿਥੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਉਥੇ ਹੀ ਅੱਜ ਪਟਿਆਲਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਵਲੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪੁਲਿਸ ਨੇ ਘਿਰਾਓ ਕਰ ਰਹੇ ਅਧਿਆਪਕਾਂ ‘ਤੇ ਲਾਠੀਚਾਰਜ ਕੀਤਾ ਅਤੇ ਕਈ ਅਧਿਆਪਕ ਆਗੂਆਂ ਨੂੰ ਹਿਰਾਸਤ ‘ਚ ਵੀ ਲਿਆ। ਇਸ ਦੌਰਾਨ ਕਈ ਮੁਜ਼ਾਹਰਾਕਾਰੀਆਂ ਦੀਆਂ ਦਸਤਾਰਾਂ ਵੀ ਉਤਰੀਆਂ, ਜਿਸ ਨੂੰ ਅਧਿਆਪਕ ਆਗੂਆਂ ਵੱਲੋਂ ਮੰਦਭਾਗਾ ਕਰਾਰ ਦਿੱਤਾ ਗਿਆ ਹੈ।
ਪਟਿਆਲਾ ’ਚ ਬੇਰੁਜਗਾਰ ਈਟੀਟੀ ਅਧਿਆਪਕਾਂ 'ਤੇ ਕੀਤੇ ਲਾਠੀਚਾਰਜ ਨੂੰ ਜਨਤਕ ਆਗੂਆਂ ਨੇ ਬੇਰੁਜ਼ਗਾਰ ਮੁੰਡੇ-ਕੁੜੀਆਂ ਨੂੰ ਕੁੱਟ ਕੇ ਪੰਜਾਬ ਪੁਲਿਸ ਵੱਲੋਂ ਔਰਤ ਦਿਵਸ ਮਨਾਉਣਾ ਕਰਾਰ ਦਿੱਤਾ ਹੈ। ਪੁਲਿਸ ਕਾਰਵਾਈ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕਰਦਿਆਂ ਵੱਖ ਵੱਖ ਜਨਤਕ ਧਿਰਾਂ ਨੇ ਇਸ ਨੂੰ ਕੈਪਟਨ ਸਰਕਾਰ ਦਾ ਜਮਹੂਰੀ ਹੱਕਾਂ ਤੇ ਡਾਕਾ ਦੱਸਿਆ ਹੈ। ਆਗੂਆਂ ਨੇ ਕਿਹਾ ਕਿ ਘਰ-ਘਰ ਨੌਕਰੀ ਦੇ ਵਾਅਦੇ ਨਾਲ ਸੱਤਾ ’ਚ ਆਈ ਸਰਕਾਰ ਨੌਕਰੀਆਂ ਮੰਗਣ ਵਾਲਿਆਂ ਨੂੰ ਡਾਂਗਾਂ ਨਾਲ ਨਿਵਾਜ਼ਦਿਆਂ ਤਾਨਾਸ਼ਾਹੀ 'ਤੇ ਉੱਤਰ ਆਈ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ,ਸੂਬਾ ਸਕੱਤਰ ਸਰਵਣ ਸਿੰਘ ਔਜਲਾ ,ਸੂਬਾਈ ਆਗੂਆਂ ਕਰਨੈਲ ਸਿੰਘ ਚਿੱਟੀ, ਗੁਰਮੀਤ ਕੋਟਲੀ ਤੇ ਜਸਵਿੰਦਰ ਸਿੰਘ ਬਠਿੰਡਾ ਨੇ ਆਖਿਆ ਕਿ ਹਜ਼ਾਰਾਂ ਟੈੱਟ ਪਾਸ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ ਪਰ ਸਰਕਾਰ 1664 ਪੋਸਟਾਂ ਕੱਢ ਕੇ ਉਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ। ਆਗੂਆਂ ਨੇ ਕਿਹਾ ਕਿ ਸਮਾਰਟ ਸਕੂਲ ਬਣਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਬੇਰੁਜ਼ਗਾਰਾਂ ਤੇ ਤਸ਼ੱਦਦ ਕਰਕੇ ਰੁਜ਼ਗਾਰ ਨਾ ਦੇਣ ਦੀ ਲੋਕ ਵਿਰੋਧੀ ਨੀਤੀ ਤੇ ਅਮਲ ਕਰ ਰਹੀ ਹੈ। ਉਨਾਂ ਆਖਿਆ ਕਿ ਫਰੰਟ ਬੇਰੁਜ਼ਗਾਰ ਅਧਿਆਪਕਾਂ ਦੇ ਹੱਕੀ ਘੋਲ ਦੀ ਡਟਵੀਂ ਹਮਾਇਤ ਕਰਦਾ ਹੈ ਤੇ ਉਨਾਂ ਦੇ ਸੰਘਰਸ਼ ਵਿੱਚ ਸਾਥ ਦੇਵੇਗਾ। ਆਗੂਆਂ ਨੇ ਪੂਰੀ ਭਰਤੀ ਕਰਨ ਦੀ ਮੰਗ ਕਰਦਿਆਂ ਬੇਰੁਜ਼ਗਾਰਾਂ ਨੂੰ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ ਹੈ।