ਹਰੀਸ਼ ਕਾਲੜਾ
- ਕਰੋਨਾ ਵਾਇਰਸ ਦਾ ਕੋਈ ਪਾਜ਼ਟਿਵ ਕੇਸ ਸਾਹਮਣੇ ਨਹੀ ਆਇਆ - ਐਸ.ਡੀ.ਐਮ.
- ਸੋਸ਼ਲ ਮੀਡੀਆ ਤੇ ਆ ਰਹੀਆਂ ਅਫਵਾਹਾਂ ਤੋਂ ਕੀਤਾ ਜਾਵੇ ਗੁਰੇਜ਼
ਸ਼੍ਰੀ ਅਨੰਦਪੁਰ ਸਾਹਿਬ, 20 ਮਾਰਚ 2020 - ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਮੈਡਮ ਕੰਨੂ ਗਰਗ ਦੀ ਅਗਵਾਈ ਵਿਚ ਘਰ ਘਰ ਜ਼ਾ ਕੇ ਡਾਕਟਰਾਂ ਵੱਲੋਂ ਚੈਕਅੱਪ ਕੀਤਾ ਗਿਆ ।
ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਮੈਡਮ ਕੰਨੂ ਗਰਗ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕੁੱਲ 13 ਵਾਰਡ ਹਨ ਇਨ੍ਹਾਂ ਵਾਰਡਾਂ ਵਿੱਚ ਰੋਟੀਨ ਚੈਕਅੱਪ ਦੇ ਲਈ ਡਾਕਟਰਾਂ ਤੇ ਅਧਾਰਿਤ 50 ਟੀਮਾਂ ਬਣਾਈਆਂ ਗਈਆਂ ਹਨ । ਹਰੇਕ ਟੀਮ ਵਿੱਚ 01 ਡਾਕਟਰ ਤੋਂ ਇਲਾਵਾ ਨਰਸਾਂ ਅਤੇ ਹੋਰ ਅਮਲਾ ਲਗਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ 10 ਵਾਰਡ ਕਵਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰੋਨਾ ਵਾਇਰਸ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਪਾਜ਼ਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਸੂਚਨਾ ਦੇ ਅਧਾਰ ਤੇ ਸ਼ੱਕੀ ਮਰੀਜ਼ ਦੇ ਡਾਕਟਰਾਂ ਵੱਲੋਂ ਸੈਂਪਲ ਲੈ ਕੇ ਲੈਬੋਰਟਰੀ ਵਿੱਚ ਭੇਜ਼ ਦਿੱਤੇ ਜਾਂਦੇ ਹਨ। ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਪ੍ਰਸ਼ਾਸ਼ਨ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ। ਉਨ੍ਹਾਂ ਨੇ ਸ਼ੋਸ਼ਲ ਮੀਡੀਆ ਤੇ ਚਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਕੇਵਲ ਅਹਿਤਿਆਤ ਦੇ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਾਕੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਉਹ ਵੱਧ ਸੰਖਿਆ ਵਿੱਚ ਇਕੱਠੇ ਹੋਣ ਜਾ ਭੀੜ ਵਾਲੀ ਜਗ੍ਹਾਂ ਜਾਣ ਤੋਂ ਗੁਰੇਜ਼ ਕਰਨ।
ਐਸ.ਡੀ.ਐਮ ਨੇ ਦੱਸਿਆ ਕਿ ਜਾਗਰੂਕਤਾ ਹੀ ਬਚਾਅ ਹੈ, ਇਸ ਲਈ ਹਰੇਕ ਵਿਅਕਤੀ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਹਿਤਿਆਤ ਦੇ ਤੌਰ ਤੇ ਘਰ ਘਰ ਜਾ ਕੇ ਲੋਕਾਂ ਦਾ ਚੈਕਅੱਪ ਕਰਨ ਦੇ ਨਾਲ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਂ ਰਹਿੰਦੇ ਅਣਸੁਖਾਵੇਂ ਹਾਲਾਤ ਨਾਲ ਨਜਿੱਠਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਹੱਥਾਂ ਨੂੰ ਸਾਫ ਰੱਖੋ, ਹੱਥ ਸਮੇਂ-ਸਮੇਂ 'ਤੇ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 20 ਸੈਕਿੰਡ ਤੱਕ ਸਾਫ ਕਰਦੇ ਰਹੋ ਜਾਂ ਐਲਕੋਹਲ ਬੇਸਡ ਸੈਨੀਟਾਈਜ਼ਰ ਦੀ ਵਰਤੋਂ ਕਰੋ, ਖਾਂਸੀ ਜਾਂ ਛਿੱਕਦੇ ਸਮੇਂ ਰੁਮਾਲ ਜਾਂ ਟਿਸ਼ੂ ਨਾਲ ਮੂੰਹ ਢੱਕ ਕੇ ਰੱਖੋ ਅਤੇ ਜੇਕਰ ਰੁਮਾਲ ਨਹੀਂ ਹੈ ਤਾਂ ਆਪਣੀ ਕੂਹਣੀ ਨੂੰ ਇਕੱਠਾ ਕਰਕੇ ਮੂੰਹ ਢੱਕੋ, ਉਪਰੰਤ ਸਾਬਣ ਨਾਲ ਚੰਗੀ ਤਰ੍ਹਾਂ ਹੱਥਾਂ ਨੂੰ ਧੋਵੋ। ਇਸ ਤੋਂ ਇਲਾਵਾ ਆਪਣੀਆਂ ਅੱਖਾਂ, ਮੂੰਹ ਅਤੇ ਨੱਕ ਨੂੰ ਨਾ ਛੂਹੋ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਪਿਛਲੇ 14 ਦਿਨਾਂ ਵਿੱਚ ਕੋਵਿਡ-19 ਨਾਲ ਪ੍ਰਭਾਵਿਤ ਖੇਤਰ ਜਾਂ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਹ ਭੀੜ-ਭੜੱਕੇ ਵਾਲੀ ਜਗ੍ਹਾ ਵਿੱਚ ਨਾ ਜਾਵੇ ਅਤੇ ਉਹ ਆਪਣੇ ਆਪ ਨੂੰ 14 ਦਿਨਾਂ ਤੱਕ ਘਰ ਵਿੱਚ ਵੱਖਰਾ ਰੱਖੇ।