ਜਗਦੀਸ਼ ਥਿੰਦ
ਗੁਰੂਹਰਸਹਾੲੇ / ਫ਼ਿਰੋਜ਼ਪੁਰ 25 ਮਾਰਚ :
ਅਫਗਾਨਿਸਤਾਨ ਦੇ ਸ਼ਹਿਰ ਕਾਬਲ ਵਿਖੇ ਸਥਿਤ ਗੁਰਦੁਆਰਾ ਸਾਹਿਬ ਤੇ ਹੋਏ ਆਤਮਘਾਤੀ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਨੇ ਸਖ਼ਤ ਲਫਜਾਂ ਵਿਚ ਨਿੰਦਾ ਕੀਤੀ ਹੈ ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ , ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ , ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ , ਜਨਰਲ ਸਕੱਤਰ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਇਸ ਨੂੰ ਮਨੁੱਖਤਾ ਉਪਰ ਹਮਲਾ ਕਰਾਰ ਦਿੰਦਿਆਂ ਅਫ਼ਗਾਨਿਸਤਾਨ ਵਿੱਚ ਘੱਟ ਗਿਣਤੀ ਸਿੱਖ ਕੌਮ ਦੀ ਸੁਰੱਖਿਆ ਉਪਰ ਚਿੰਤਾ ਪ੍ਰਗਟ ਕੀਤੀ ਹੈ ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਫਗਾਨਿਸਤਾਨ ਅਤੇ ਪਾਕਿਸਤਾਨ ਅੰਦਰ ਘੱਟ ਗਿਣਤੀ ਸਿੱਖ ਕੌਮ ਉੱਪਰ ਹਮਲੇ ਹੁੰਦੇ ਆਏ ਹਨ ।
ਉਨ੍ਹਾਂ ਐਕਟਿੰਗ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਕੀਤੇ ਪੀੜਤ ਸਿੱਖ ਪਰਿਵਾਰਾਂ ਨਾਲ ਸੰਪਰਕ ਬਣਾਉਣ ।
ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ । ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਦੁਖਦਾਈ ਘਟਨਾ ਸਬੰਧੀ ਫੌਰੀ ਕਦਮ ਚੁੱਕ ਕੇ ਜਖਮੀ ਹੋ ਗਏ ਪੀੜਤ ਲੋਕਾਂ ਨੂੰ ਦਿੱਲੀ ਲਿਆ ਕੇ ਉਨ੍ਹਾਂ ਦੀ ਤੰਦਰੁਸਤੀ ਤੱਕ ਇਲਾਜ ਦਾ ਪ੍ਰਬੰਧ ਕਰੇ ।