ਪ੍ਰੈੱਸ ਕਾਨਫਰੰਸ ਦੌਰਾਨ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ,ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਅਤੇ ਐੱਸ ਡੀ ਐੱਮ ਜਲਾਲਾਬਾਦ ਕੇਸ਼ਵ ਗੋਇਲ
ਜਗਦੀਸ਼ ਥਿੰਦ
ਜਲਾਲਾਬਾਦ/ਫਾਜ਼ਿਲਕਾ, 24 ਮਾਰਚ:
ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣ ਅਤੇ ਲੋਕ ਹਿੱਤ ਲਈ ਜ਼ਿਲ੍ਹੇ ’ਚ ਲਗਾਏ ਗਏ ਕਰਫਿਊ ਦੌਰਾਨ ਹਰੇਕ ਨਾਗਰਿਕ ਦੇ ਘਰ ਤੱਕ ਰਾਸ਼ਨ ਅਤੇ ਹੋਰ ਲੋੜੀਂਦੀ ਸਮੱਗਰੀ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਚਨਬੱਧ ਹੈ ।
ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ,ਮੌਜੂਦ ਹਨ ਵਿਧਾਇਕ ਜਲਾਲਾਬਾਦ ਰਮਿੰਦਰ ਆਵਲਾ , ਐੱਸ ਡੀ ਐੱਮ ਕੇਸ਼ਵ ਗੋਇਲ ਅਤੇ ਹੋਰ ਅਧਿਕਾਰੀ
-------------------------------------------------------------------
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਜਲਾਲਾਬਾਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਵਿਸੇਸ ਤੌਰ ’ਤੇ ਵਿਧਾਇਕ ਜਲਾਲਾਬਾਦ ਸ੍ਰੀ ਰਮਿੰਦਰ ਆਵਲਾਂ ਵੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਸ੍ਰ. ਸੰਧੂ ਨੇ ਦੱਸਿਆ ਕਿ ਜ਼ਿਲਾ ਫਜ਼ਿਲਕਾ ਦੀ 11 ਸੈਕਟਰਾਂ ਵਿੱਚ ਵੰਡ ਕੀਤੀ ਗਈ ਹੈ ਅਤੇ ਹਰੇਕ ਸੈਕਟਰ ਅੰਦਰ ਪੁਲਿਸ, ਸਿਵਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਕਰੋਨਾ ਵਾਈਰਸ ਦੀ ਰੋਕਥਾਮ ਲਈ ਲਗਾਏ ਕਰਫਿਊ ਅਤੇ ਹੋਰ ਲੋੜੀਂਦੀਆਂ ਲੋਕ ਸੁਵਿਧਾਵਾਂ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅਤੇ ਹਰੇਕ ਸਬ ਡਵੀਜ਼ਨ ਪੱਧਰ ’ਤੇ ਸਬੰਧਤ ਉਪ ਮੰਡਲ ਮੈਜਿਸਟੇ੍ਰਟ ਨੂੰ ਲੋਕ ਸੁਵਿਧਾਵਾਂ ਲਈ ਆਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਲੋਕ ਆਪਣੇ ਘਰਾਂ ਹੀ ਰਹਿਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਪ੍ਰਾਪਤ ਹੋਈ ਸੂਚੀ ਅਨੁਸਾਰ 245 ਵਿਅਕਤੀ ਆਏ ਸਨ ਅਤੇ ਵੱਡੀ ਪੱਧਰ ’ਤੇ ਕਾਰਜਸ਼ੀਲ ਪ੍ਰਸਾਸਨਿਕ ਟੀਮਾਂ ਦੁਆਰਾ ਘਰ ਘਰ ਦੇ ਸਰਵੇਖਣ ਦੌਰਾਨ ਇਨ੍ਹਾਂ ਨਾਗਰਿਕਾਂ ਦੀ ਪਛਾਣ ਕਰਕੇ ਘਰਾਂ ਅਤੇ ਵੱਖ ਵੱਖ ਸੰਸਥਾਵਾਂ ਵਿੱਚ ਇਕਾਂਤਵਾਸ (ਹੋਮ ਕੁਆਰੰਟਿਨ) ਪ੍ਰਕਿਰਿਆ ਅਧੀਨ ਲਿਆਂਦਾ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ ਕਰੀਬ 50 ਫੀਸਦੀ ਤੋਂ ਵੱਧ ਵਿਅਕਤੀ 14 ਦਿਨਾਂ ਦੀ ਇਕਾਂਤਵਾਸ ਪ੍ਰਕਿਰਿਆ ਪੂਰੀ ਕਰ ਚੁੱਕੇ ਹਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਹਨ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਦੇ ਪੱਧਰ ’ਤੇ ਲਗਾਤਾਰ ਸਮੀਖਿਆ ਹੋ ਰਹੀ ਹੈ ਅਤੇ ਇਸ ਸਬੰਧ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਸੌ ਫੀਸਦੀ ਘਰਾਂ ਵਿੱਚ ਕਰੋਨਾ ਵਾਈਰਸ ਬਾਰੇ ਜਾਗਰੂਕ ਕਰਨ ਲਈ 22 ਪ੍ਰਚਾਰ ਵੈਨਾਂ ਚਲ ਰਹੀਆ ਹਨ, ਜਿਨ੍ਹਾਂ ਅੰਦਰ ਹੋਰ ਵਾਧਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਬਜ਼ੁਰਗਾਂ ਤੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਖੰਘ, ਜ਼ੁਕਾਮ ਆਦਿ ਜਿਹਾ ਕੋਈ ਵੀ ਗੰਭੀਰ ਲੱਛਣ ਪਾਏ ਜਾਣ ’ਤੇ ਪਰਿਵਾਰਕ ਪੱਧਰ ’ਤੇ ਸਾਵਧਾਨੀਆਂ ਵਰਤੀਆਂ ਜਾਣ ਅਤੇ ਜੇ ਹੋ ਸਕੇ ਤਾਂ ਘੱਟੋ ਘੱਟ ਇੱਕ ਮੀਟਰ ਤੱਕ ਦੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਕਰਫਿਊ ਦੌਰਾਨ ਬੇਵਜ੍ਹਾ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਬੇਹੱਦ ਘਾਤਕ ਹੈ ਅਤੇ ਇਸ ਤੋਂ ਸਾਵਧਾਨੀ ਰੱਖਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੀ ਸਥਿਤੀ ਵਿੱਚ ਸਰਕਾਰ ਦੇ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਮੌਕੇ ਐਸ.ਡੀ.ਐਮ. ਜਲਾਲਾਬਾਦ ਕੇਸ਼ਵ ਗੋਇਲ, ਤਹਿਸੀਲਦਾਰ ਜਲਾਲਾਬਾਦ ਡੀ.ਪੀ. ਪਾਂਡੇ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।