ਸੰਜੀਵ ਸੂਦ
- ਪੰਜਾਬ ਚ ਲੱਗੇ ਕਰਫਿਊ ਕਾਰਨ ਲੋਕ ਪ੍ਰੇਸ਼ਾਨ, ਆਪਣੀ ਘਰਵਾਲੀ ਦੀ ਟੁੱਟੀ ਲੱਤ ਸਾਈਕਲ ਨਾਲ ਬੰਨ੍ਹ ਕੇ 12 ਕਿਲੋਮੀਟਰ ਦੂਰ ਸਾਈਕਲ ਲਿਜਾਣ ਲਈ ਮਜਬੂਰ ਦੇਵਦੱਤ..
ਲੁਧਿਆਣਾ, 27 ਮਾਰਚ 2020 - ਕੋਰੋਨਾ ਵਾਇਰਸ ਕਰਕੇ ਜਿੱਥੇ ਪੰਜਾਬ ਭਰ 'ਚ ਕਰਫ਼ਿਊ ਲਾਗੂ ਹੈ ਉੱਥੇ ਹੀ ਪ੍ਰਸ਼ਾਸਨ ਵੱਲੋਂ ਲਗਾਤਾਰ ਗਰੀਬਾਂ ਦੀ ਮਦਦ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਉਦੋਂ ਨਿਕਲ ਗਈ ਜਦੋਂ ਸਾਡੀ ਟੀਮ ਨੂੰ ਇੱਕ ਅਜਿਹਾ ਵਿਅਕਤੀ ਮਿਲਿਆ ਜੋ ਆਪਣੀ ਪਤਨੀ ਨੂੰ ਸਾਈਕਲ ਤੇ ਲਿਜਾ ਰਿਹਾ ਸੀ ਅਤੇ ਉਸਦੀ ਲੱਤ ਸਾਈਕਲ ਨਾਲ ਬੰਨ੍ਹੀ ਹੋਈ ਸੀ, ਕਿਉਂਕਿ ਫੈਕਟਰੀ 'ਚ ਕੰਮ ਕਰਦਿਆਂ ਬੀਤੀ 20 ਮਾਰਚ ਨੂੰ ਉਸ ਦੀ ਪਤਨੀ ਦੀ ਲੱਤ ਹਾਦਸੇ ਦੇ ਦੌਰਾਨ ਟੁੱਟ ਗਈ ਸੀ।
ਪੀੜਤ ਔਰਤ ਦੇ ਪਤੀ ਦੇਵਦੱਤ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਬੀਤੀ 20 ਮਾਰਚ ਨੂੰ ਫੈਕਟਰੀ 'ਚ ਕੰਮ ਕਰਨ ਦੌਰਾਨ ਵਾਪਰੇ ਹਾਦਸੇ 'ਚ ਲੱਤ ਟੁੱਟ ਗਈ ਸੀ ਅਤੇ ਫੈਕਟਰੀ ਦੀ ਹੀ ਗੱਡੀ ਰਾਹੀਂ ਉਹ ਆਪਣੀ ਪਤਨੀ ਨੂੰ ਲੁਧਿਆਣਾ ਦੇ ਭਾਰਤ ਨਗਰ ਚੌਕ ਸਥਿੱਤ ਈਐੱਸਆਈ ਹਸਪਤਾਲ 'ਚ ਦਾਖ਼ਲ ਕਰਵਾਉਣ ਆਇਆ ਸੀ ਅਤੇ ਅੱਜ ਪਤਨੀ ਦਾ ਪਲੱਸਤਰ ਕਰਨ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਪਰ ਜਦੋਂ ਉਸ ਨੇ ਕੰਪਨੀ 'ਚ ਗੱਡੀ ਲਈ ਫੋਨ ਕੀਤਾ ਤਾਂ ਸਾਫ ਮਨ੍ਹਾ ਕਰ ਦਿੱਤਾ ਗਿਆ ਕਿ ਕੋਈ ਵੀ ਡਰਾਈਵਰ ਵਾਇਰਸ ਕਰਕੇ ਕੰਮ ਨਹੀਂ ਕਰ ਰਿਹਾ।
ਇਥੋਂ ਤੱਕ ਕਿ ਕੋਈ ਸਰਕਾਰੀ ਐਂਬੂਲੈਂਸ ਵੀ ਨਹੀਂ ਮਿਲ ਰਹੀ ਸੀ ਅਤੇ ਜਦੋਂ ਪ੍ਰਾਈਵੇਟ ਐਂਬੂਲੈਂਸ ਨੂੰ ਪੁੱਛਿਆ ਗਿਆ ਤਾਂ ਉਸ ਵੱਲੋਂ 2000 ਰੁਪਏ ਦੀ ਮੰਗ ਕੀਤੀ ਗਈ ਅਤੇ ਗਰੀਬ ਪਰਿਵਾਰ ਕੋਲ ਨਾ ਹੋਣ ਕਾਰਨ ਦੇਵਦੱਤ ਨੇ ਆਪਣੀ ਪਤਨੀ ਨੂੰ ਆਪਣੀ ਸਾਈਕਲ ਤੇ ਬਿਠਾ ਕੇ ਹੀ ਪਿੰਡ ਜਾਣ ਦਾ ਫ਼ੈਸਲਾ ਕੀਤਾ। ਭਾਰਤ ਨਗਰ ਚੌਕ ਤੋਂ ਦੇਵਦੱਤ ਰਾਮ ਦਾ ਪਿੰਡ 12 ਕਿਲੋਮੀਟਰ ਦੂਰ ਹੈ ਅਤੇ ਸਵੇਰੇ ਵੀ ਉਹ ਦੋ ਗੇੜੇ ਲਾ ਚੁੱਕਾ ਹੈ। ਟੁੱਟੀ ਲੱਤ ਨਾਲ ਸਾਈਕਲ ਤੇ ਆਪਣੀ ਪਤਨੀ ਨੂੰ ਲਿਜਾ ਰਹੇ ਦੇਵਦੱਤ ਨੇ ਆਪਣੀ ਹੱਡ ਬੀਤੀ ਬਿਆਨ ਕੀਤੀ।
ਸੋ ਇਕ ਪਾਸੇ ਜਿੱਥੇ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ 24×7 ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਿਹਾ ਹੈ ਉਥੇ ਹੀ ਇਕ ਗਰੀਬ ਪਰਿਵਾਰ ਆਪਣੇ ਇਲਾਜ ਤੋਂ ਬਾਅਦ ਟੁੱਟੀ ਲੱਤ ਨਾਲ ਸਾਈਕਲ ਤੇ ਖੱਜਲ ਖੁਆਰ ਹੋ ਰਹੇ ਨੇ ਅਤੇ ਵੱਡੇ ਵੱਡੇ ਦਾਅਵੇ ਕਰਨ ਵਾਲਾ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।