ਅੰਮ੍ਰਿਤਸਰ, 26 ਮਾਰਚ - ਜਗਤਾਰ ਸਿੰਘ ਹਵਾਰਾ ਨੇ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਕਾਬੁਲ ਵਿਖੇ ਸਿੱਖ ਸੰਗਤਾਂ ਤੇ ਆਈ.ਐੱਸ.ਆਈ.ਐੱਲ ਦੇ ਦਹਿਸ਼ਤਗਰਦਾਂ ਵੱਲੋਂ ਗੋਲੀਆਂ ਅਤੇ ਗ੍ਰਨੇਡਾਂ ਨਾਲ ਕੀਤੇ ਹਮਲੇ ਦੀ ਭਰਪੂਰ ਨਿੰਦਾ ਕੀਤੀ ਹੈ। ਇਸ ਹਮਲੇ ਵਿੱਚ 25 ਤੋਂ ਵੱਧ ਸਿੱਖ ਬਜ਼ੁਰਗ, ਨੌਜਵਾਨ, ਬੀਬੀਆਂ ਅਤੇ ਬੱਚੇ ਸ਼ਹੀਦ ਹੋ ਗਏ ਹਨ ਅਤੇ 15 ਤੋਂ ਵੱਧ ਗੰਭੀਰ ਜ਼ਖਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਵਿਸ਼ਵ ਇਸ ਵੇਲੇ ਕਰੋਨਾ ਦੀ ਭਿਅੰਕਰ ਬਿਮਾਰੀ ਨਾਲ ਪੀੜਤ ਹੈ ਅਤੇ ਇਸ ਔਖੀ ਘੜੀ ਵਿੱਚ ਸਿੱਖ ਵੱਖ ਵੱਖ ਥਾਵਾਂ ਤੇ ਆਪਣੇ ਮੁੱਢਲੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਮਨੁੱਖਤਾ ਦੀ ਸੇਵਾ ਲੰਗਰ ਅਤੇ ਦਵਾਈਆਂ ਨਾਲ ਕਰ ਰਹੇ ਹਨ। ਪਰ ਦੂਜੇ ਪਾਸੇ ਮਨੁੱਖਤਾ ਦੇ ਦੁਸ਼ਮਣ ਬੇਕਸੂਰ ਸਿੱਖਾਂ ਤੇ ਹਮਲਾ ਕਰ ਰਹੇ ਹਨ ਜੋ ਕਿ ਬਹੁਤ ਦੁੱਖਦਾਈ ਹੈ।
ਹਵਾਰਾ ਦੇ ਬਿਆਨ ਨੂੰ ਉਨ੍ਹਾਂ ਦੀ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ ਬਲਜਿੰਦਰ ਸਿੰਘ ਨੇ ਜਾਰੀ ਕਰਦਿਆਂ ਕਿਹਾ ਕਿ ਜੱਥੇਦਾਰ ਸਾਹਿਬ ਨੇ ਵਿਸ਼ਵ ਭਰ ਦੀਆਂ ਸਮੁੱਚੀ ਸਿੱਖ ਜਥੇਬੰਦੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਦੇਸ਼ ਵਿੱਚ ਸਥਾਪਤ ਅਫ਼ਗ਼ਾਨਿਸਤਾਨ ਦੇ ਦੂਤਘਰਾਂ ਨੂੰ ਸੰਪਰਕ ਕਰਕੇ ਮੰਗ ਪੱਤਰ ਦੇਣ ਕਿ ਉਥੋਂ ਦੇ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਕਾਬੁਲ ਘਟਨਾ ਨੂੰ ਯੂ.ਐਨ.ਓ ਤੱਕ ਪਹੁੰਚਾਣ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੀਆਂ ਘਟਨਾਵਾਂ ਵਾਪਰਨ ਦਾ ਮੁੱਖ ਕਾਰਨ ਸਾਡੀ ਪੰਥਕ ਸ਼ਕਤੀ ਦਾ ਖੇਰੂੰ ਖੇਰੂੰ ਹੋਣਾ ਹੈ। ਬਦਕਿਸਮਤੀ ਨਾਲ ਸਾਡੀਅਾਂ ਸਿੱਖ ਸਿਆਸੀ ਪਾਰਟੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਆਪਣੇ ਕੌਮੀ ਫ਼ਰਜ਼ ਨੂੰ ਪੂਰਨ ਰੂਪ ਵਿੱਚ ਨਹੀਂ ਨਿਭਾ ਰਹੀਆਂ। ਜਿਸ ਕਰਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਦੀ ਸੁਰੱਖਿਆ ਅਨਿਸਚਿਤ ਬਣੀ ਹੋਈ ਹੈ ਅਤੇ ਗੁਰੂ ਘਰਾਂ ਤੇ ਹਮਲੇ ਹੋ ਰਹੇ ਹਨ।