ਸੰਜੀਵ ਸੂਦ
- ਪਿੱਛੇ ਛੱਡ ਗਿਆ ਪਤਨੀ ਅਤੇ 6 ਬੱਚੇ...
ਲੁਧਿਆਣਾ, 27 ਮਾਰਚ 2020 - ਬੀਤੇ ਦਿਨੀਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਦਹਿਸ਼ਤਗਰਦੀ ਹਮਲੇ ਦੇ ਵਿੱਚ ਦਰਜਨਾਂ ਸਿੱਖ ਪਰਿਵਾਰਾਂ ਦੀ ਜਾਂਚ ਚਲੀ ਗਈ ਸੀ। ਉਸ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਸ਼ੰਕਰ ਸਿੰਘ ਵੀ ਸ਼ਾਮਿਲ ਨੇ। ਜੋ ਆਪਣੀ ਪਤਨੀ ਪਿੰਕੀ ਦੇ ਨਾਲ ਕਾਬੁਲ ਵਿੱਚ ਰਹਿ ਰਹੇ ਸਨ ਅਤੇ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਲਈ ਉੱਥੇ ਗਏ ਸਨ ਪਰ ਇਸ ਦਹਿਸ਼ਤਗਰਦੀ ਹਮਲੇ 'ਚ ਸ਼ੰਕਰ ਸਿੰਘ ਦੀ ਜਾਨ ਚਲੀ ਗਈ।
ਸ਼ੰਕਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਸ ਦੀ ਭੈਣ ਨਾਲ ਸ਼ੰਕਰ ਸਿੰਘ ਦਾ ਵਿਆਹ 22 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ 6 ਬੱਚੇ ਵੀ ਨੇ ਜੋ ਲੁਧਿਆਣਾ 'ਚ ਹੀ ਇੱਕ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਉਨ੍ਹਾਂ ਕਿਹਾ ਕਿ ਰੋਜ਼ੀ ਰੋਟੀ ਲਈ ਸ਼ੰਕਰ ਸਿੰਘ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਜਾਂਦੇ ਸਨ ਅਤੇ ਉਨ੍ਹਾਂ ਦੀ ਪਤਨੀ ਪਿੰਕੀ ਵੀ ਕਾਬੁਲ 'ਚ ਹੀ ਸੀ ਪਰ ਗੁਰਦੁਆਰੇ 'ਤੇ ਹੋਏ ਦਹਿਸ਼ਤਗਰਦੀ ਹਮਲੇ ਵਿੱਚ ਉਸ ਦੇ ਜੀਜਾ ਸ਼ੰਕਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੋਂ ਇਹ ਮੰਗ ਹੈ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਉਨ੍ਹਾਂ ਦੇ 6 ਬੱਚੇ ਨੇ ਅਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਿਲ ਹੈ। ਪਰਿਵਾਰਕ ਮੈਂਬਰ ਨੇ ਸ਼ੰਕਰ ਸਿੰਘ ਦੀ ਮ੍ਰਿਤਕ ਦੇਹ ਅਤੇ ਉਸ ਦੀ ਭੈਣ ਪਿੰਕੀ ਨੂੰ ਭਾਰਤ ਲਿਆਉਣ ਲਈ ਵੀ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਸੋ ਕਾਬੁਲ ਦੇ ਗੁਰਦੁਆਰਾ ਸਾਹਿਬ 'ਚ ਹੋਏ ਦਹਿਸ਼ਤਗਰਦੀ ਹਮਲੇ 'ਚ ਸਿਰਫ ਉੱਥੇ ਗੁਰਦੁਆਰੇ 'ਚ ਮੌਜੂਦ ਸਿੱਖ ਸ਼ਰਧਾਲੂਆਂ ਦੀ ਹੀ ਸਿਰਫ ਮੌਤ ਨਹੀਂ ਹੋਈ ਸਗੋਂ ਉਨ੍ਹਾਂ ਨਾਲ ਸਬੰਧਤ ਪਰਿਵਾਰਕ ਮੈਂਬਰਾਂ ਵੀ ਇਸ ਹਮਲੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।