ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਗਿੱਲ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 27 ਮਾਰਚ : ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਦੌਰਾਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਖਾਣ ਪੀਣ ਦੀਆਂ ਸਾਰੀਆਂ ਲੋੜੀਂਦੀਆਂ ਵਸਤਾਂ ਜਿਵੇਂ ਕਿ ਦੁੱਧ, ਸਬਜ਼ੀਆਂ, ਰਾਸ਼ਨ ਦੇ ਨਾਲ ਨਾਲ ਗੈਸ ਸਿਲੰਡਰ ਤੇ ਦਵਾਈਆਂ ਲਗਾਤਾਰ ਘਰ-ਘਰ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਦਿਨ ਰਾਤ ਇੱਕ ਕਰਕੇ ਕੀਤੇ ਜਾ ਰਹੇ ਯਤਨਾਂ ਦੀ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਦਵਾਈ ਸਮੇਤ ਸਾਰੀਆਂ ਲੋੜੀਂਦੀਆਂ ਚੀਜ਼ਾਂ ਦੀ ਸਪਲਾਈ ਲਈ ਫੋਨ ਨੰਬਰਾਂ ਦੀਆਂ ਸੂਚੀਆਂ ਵੱਖ ਵੱਖ ਸੰਚਾਰ ਸਾਧਨਾਂ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਹਨ ਤੇ ਲੋਕ ਇਨ੍ਹਾਂ ਫੋਨ ਨੰਬਰਾਂ ਉੱਤੇ ਆਰਡਰ ਕਰਕੇ ਲੋਕ ਲੋੜੀਂਦਾ ਸਮਾਨ ਮੰਗਵਾ ਰਹੇ ਹਨ ਜੋ ਕਿ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਰਹਿ ਕੇ ਹੀ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਸਬੰਧੀ ਸਰਕਾਰ ਨੂੰ ਸਹਿਯੋਗ ਦੇਣ। ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਫਿਊ ਦੌਰਾਨ ਆਮ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਪੁੱਜਦਾ ਕਰਨ ਲਈ ਦੋਧੀਆਂ ਅਤੇ ਡੇਅਰੀ ਮਾਲਕਾਂ ਨੂੰ ਦੁੱਧ ਦੀ ਪੈਦਾਵਾਰ ਕਰ ਕੇ ਘਰ-ਘਰ ਦੁੱਧ ਪਹੁੰਚਾਉਣ ਦੀ ਆਗਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਬਜ਼ੀਆਂ ਅਤੇ ਕਰਿਆਨੇ ਦੀ ਸਪਲਾਈ ਘਰ ਘਰ ਕੀਤੀ ਜਾ ਰਹੀ ਹੈ।
ਸਬਜ਼ੀਆਂ ਵੇਚਣ ਅਤੇ ਕਰਿਆਨੇ ਦਾ ਸਾਮਾਨ ਪੁੱਜਦਾ ਕਰਨ ਲਈ ਰੇਹੜੀਆਂ ਅਤੇ ਦੁਕਾਨਾਂ ਇਸ ਸ਼ਰਤ 'ਤੇ ਚੱਲ ਰਹੀਆਂ ਹਨ ਕਿ ਉਨ੍ਹਾਂ ਵੱਲੋਂ ਸਮਾਨ ਕਾਊਂਟਰਾਂ 'ਤੇ ਵੇਚਣ ਦੀ ਥਾਂ ਘਰ-ਘਰ ਪੁੱਜਦਾ ਕੀਤਾ ਜਾਵੇ । ਪ੍ਰਸ਼ਾਸਨਿਕ ਅਧਿਕਾਰੀ ਇਹ ਗੱਲ ਵੀ ਯਕੀਨੀ ਬਣਾ ਰਹੇ ਹਨ ਕਿ ਇਸ ਦੌਰਾਨ ਕਿਸੇ ਵੀ ਸਮਾਨ ਦੀ ਕੀਮਤ ਵਧਾ ਚੜ੍ਹਾ ਕੇ ਨਾ ਲਗਾਈ ਜਾਵੇ ਅਤੇ ਨਾ ਹੀ ਕਾਲਾ ਬਜ਼ਾਰੀ ਹੋਵੇ। ਗਾਹਕਾਂ ਦੀ ਬੇਨਤੀ 'ਤੇ ਗੈਸ ਏਜੰਸੀਆਂ ਵੱਲੋਂ ਗੈਸ ਸਿਲੈਂਡਰ ਘਰ-ਘਰ ਪੁੱਜਦੇ ਕੀਤੇ ਜਾ ਰਹੇ ਹਨ। ਲੋਕਾਂ ਦੀ ਲੋੜ ਮੁਤਾਬਕ ਦਵਾਈਆਂ ਘਰ-ਘਰ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ।
ਲੋਕ ਤੱਕ ਖਾਣ ਪੀਣ ਦਾ ਸਮਾਨ ਪੁੱਜਦਾ ਕੀਤੇ ਜਾਣ ਦਾ ਦ੍ਰਿਸ਼।