ਐੱਸ ਐੱਚ ਓ ਗੁਰਤੇਜ ਸਿੰਘ ਬਰਾੜ ਅਤੇ ਹੋਰ ਪਤਵੰਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਸਮੱਗਰੀ ਤਕਸੀਮ ਕਰਦੇ ਹੋਏ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 28 ਮਾਰਚ ਨਵਲ ਕਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਗਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਵੱਲੋਂ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਹੈ ।
ਐੱਸ ਐੱਚ ਓ ਲੱਖੋ ਕੇ ਬਹਿਰਾਮ ਗੁਰਤੇਜ ਸਿੰਘ ਬਰਾੜ ਵੱਲੋਂ ਕੀਤੇ ਉੱਦਮ ਸਦਕਾ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਕਰੀਬ 255 ਪਰਿਵਾਰਾਂ ਨੂੰ ਸੁੱਕੀ ਰਸਦ ਮੁਹੱਈਆ ਕਰਵਾਈ ਗਈ ।
ਵੰਡੀ ਗਈ ਸਮੱਗਰੀ ਵਿੱਚ ਆਟਾ , ਚਾਵਲ , ਦਾਲਾਂ ਮਸਾਲੇ , ਚਾਹ ਪੱਤੀ , ਖੰਡ , ਘਿਉ , ਤੇਲ , ਸਾਬਣ ਸ਼ਾਮਿਲ ਹਨ ।
ਰਾਸ਼ਨ ਸਮੱਗਰੀ ਵੰਡਣ ਵਿੱਚ ਦੂਜੇ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ , ਵਿਧਵਾਵਾਂ ਅਤੇ ਸੰਤਾਨਹੀਣ ਮਾਪਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ।
ਥਾਣਾ ਮੁਖੀ ਗੁਰਤੇਜ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਆਪਣੇ ਆਪ , ਆਪਣੇ ਪਰਵਾਰ ਅਤੇ ਆਪਣੇ ਆਲੇ ਦੁਆਲੇ ਵੱਸੇ ਮਨੁੱਖਾਂ ਨੂੰ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ ਦੇ ਨਾਲ ਹੀ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਲਈ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਵੀ ਬੇਹੱਦ ਜ਼ਰੂਰੀ ਹੈ ।
ਉਹਨਾਂ ਕਿਹਾ ਕਿ ਡੀ ਆਈ ਜੀ ਫਿਰੋਜ਼ਪੁਰ ਅਤੇ ਐਸ ਐਸ ਪੀ ਫ਼ਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਰਾਜਸਥਾਨ , ਬਿਹਾਰ ਅਤੇ ਹੋਰ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰ ਜੋ ਕਿ ਇੱਟ ਭੱਟਿਆਂ ਤੇ ਮਜ਼ਦੂਰੀ ਕਰਨ ਤੋਂ ਇਲਾਵਾ ਝੁੱਗੀ ਝੋਂਪੜੀਆਂ ਵਿੱਚ ਵੱਸੇ ਹੋਏ ਹਨ ਨੂੰ ਸੁੱਕੀ ਰਾਸ਼ਨ ਸਮੱਗਰੀ ਦਿੱਤੀ ਗਈ ਹੈ ।
ਖੇਤਰ ਵਿੱਚ ਮੌਜੂਦ ਗਰੀਬ ਪਰਿਵਾਰਾਂ ਨਾਲ ਸਬੰਧਤ ਵਿਧਵਾਵਾਂ , ਸੰਤਾਨਹੀਨ ਬਜ਼ੁਰਗਾਂ , ਅੰਗਹੀਣ ਵਿਅਕਤੀਆਂ ਅਤੇ ਮੰਦਬੁੱਧੀ ਲੋਕਾਂ ਨੂੰ ਸੁੱਕੀ ਰਸਦ ਮੁਹੱਈਆ ਕਰਵਾਉਣ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ ।
ਪਿੰਡਾਂ ਦੇ ਸਰਪੰਚਾਂ , ਨੰਬਰਦਾਰਾਂ ਅਤੇ ਹੋਰ ਪਤਵੰਤਿਆਂ ਰਾਹੀਂ ਪਿੰਡਾਂ ਅੰਦਰ ਮੌਜੂਦ ਵਿਧਵਾਵਾਂ , ਸੰਤਾਨਹੀਨ ਬਜ਼ੁਰਗਾਂ , ਅੰਗਹੀਣ ਵਿਅਕਤੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ।
ਬਣੀਆਂ ਸੂਚੀਆਂ ਅਨੁਸਾਰ ਪੁਲਿਸ ਪਾਰਟੀਆਂ ਵੱਲੋਂ ਇਲਾਕੇ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਇਹ ਰਾਸ਼ਨ ਸਮੱਗਰੀ ਤਕਸੀਮ ਕੀਤੀ ਜਾ ਰਹੀ ਹੈ ।
ਉਨ੍ਹਾਂ ਕਿਹਾ ਕਿ ਸਾਡੇ ਪੁਲਸ ਸਟਾਫ ਵੱਲੋਂ ਨਿੱਜੀ ਤੌਰ ਤੇ ਬਣਦਾ ਯੋਗਦਾਨ ਦੇਣ ਦੇ ਨਾਲ - ਨਾਲ ਹੀ ਇਸ ਖੇਤਰ ਦੇ ਪਤਵੰਤਿਆਂ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਰਾਸ਼ਨ ਵੰਡਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਰੱਖੀ ਜਾਵੇਗੀ ।
ਇਸ ਮੌਕੇ ਬਾਜ ਸਿੰਘ ਸਰਪੰਚ , ਨਿਰਵੈਰ ਸਿੰਘ ਸਰਪੰਚ , ਸੁਖਦੇਵ ਬੁੱਗਰ , ਸੁਰਿੰਦਰ ਨੰਦਾ , ਜਸਵਿੰਦਰ ਸਿੰਘ ਮੁੱਖ ਮੁਨਸ਼ੀ , ਨੰਬਰਦਾਰ ਜਗਦੀਸ਼ ਥਿੰਦ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ , ਏ ਐੱਸ ਆਈ ਸ਼ਿੰਗਾਰਾ ਸਿੰਘ , ਗੜਗੱਜ ਸਿੰਘ , ਡਾਕਟਰ ਗੁਰਚਰਨ ਸਿੰਘ , ਕਿਰਨ ਕੌਰ ਮੈਂਬਰ ਬਲਾਕ ਸੰਮਤੀ , ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।