ਜਗਦੀਸ਼ ਥਿੰਦ
ਫਾਜ਼ਿਲਕਾ, 29 ਮਾਰਚ:
ਜ਼ਿਲ੍ਹਾ ਮੈਜਿਸਟੇ੍ਰਟ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦਸ਼ਾਂ ਤਹਿਤ ਕੋਵਿਡ 19 ਦੇ ਪ੍ਰਕੋਪ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਿਲ੍ਹੇ ਅੰਦਰ ਲੱਗੇ ਕਰਫਿਊ ’ਚ ਜਿਥੇ ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਹੋਮ ਡਿਲੀਵਰੀ ਰਾਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਦਾ ਲਾਭ ਲੋਕਾਂ ਦੇ ਘਰਾਂ ਤੱਕ ਪੁੱਜਦਾ ਕਰਨ ਲਈ ਫੂਡ ਸਪਲਾਈ ਵਿਭਾਗ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਰਾਜਰਿਸ਼ੀ ਮਹਿਰਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਸੰਧੂ ਦੀਆਂ ਹਦਾਇਤਾਂ ’ਤੇ ਸ਼ਹਿਰਾਂ ਅਤੇ ਪਿੰਡ ਪੱਧਰ ’ਤੇ ਕਣਕ ਦੀ ਸਪਲਾਈ ਲੋਕਾਂ ਦੇ ਘਰਾਂ ਤੱਕ ਪਹੰੁਚਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਆਟਾ ਦਾਲ ਦੀ ਵੰਡ ਲਈ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਅਤੇ ਹੋਰ ਸਬੰਧਤ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ ਜਿਸ ਦੇ ਲਈ ਵੱਖ-ਵੱਖ ਸਬ ਡਵੀਜ਼ਨ ਪੱਧਰ ’ਤੇ ਡਿਪੂ ਹੋਲਡਰਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਸੰਕਟ ਨੂੰ ਦੇਖਦਿਆਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਮਹਿਫੂਜ਼ ਰੱਖਣ ਦੇ ਮਕਸਦ ਨਾਲ ਕਣਕ ਦੀ ਸਪਲਾਈ ਹਰੇਕ ਲੋੜਵੰਦ ਦੇ ਘਰ ਤੱਕ ਪੁੱਜਦੀ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਦਮ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਰਾਜ ਸਰਕਾਰ ਦੀ ਆਟਾ-ਦਾਲ ਸਕੀਮ ਦੇ ਲੋੜਵੰਦਾਂ ਤੱਕ ਕਣਕ ਪਹੁੰਚਾਉਣ ਲਈ ਲਗਾਏ ਗਏ ਸਮੁੱਚੇ ਅਮਲੇ ਅਤੇ ਡਿਪੂ ਹੋਲਡਰਾਂ ਨੂੰ ਪਾਰਦਰਸ਼ੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਔਖੀ ਘੜੀ ਮੌਕੇ ਲੋਕ ਸੁਵਿਧਾਵਾਂ ਦਾ ਲੋੜਵੰਦਾਂ ਤਕ ਲਾਭ ਪੁੱਜਦਾ ਕਰਨਾ ਜਿਥੇ ਸਾਡੀ ਡਿਊਟੀ ਬਣਦੀ ਹੈ ਉਥੇ ਹਰੇਕ ਵਿਭਾਗੀ ਅਧਿਕਾਰੀ ਦਾ ਨੈਤਿਕ ਫਰਜ ਵੀ ਹੈ।
ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਤੇ ਜਲਾਲਾਬਾਦ ਸ਼ਹਿਰ ਅਤੇ ਪਿੰਡ ਕਾਮਰੇ ਵਾਲਾ, ਚੱਕ ਮੋਜਦਿਨ ਵਾਲਾ, ਜੰਡਵਾਲਾ ਖਰਤਾ, ਪਾਕਾਂ, ਬਹਾਦਰ ਖੇੜਾ ਵਿੱਚ ਰਾਜ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਕਣਕ ਦੀ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ 90 ਫ਼ੀਸਦੀ ਤੋਂ ਵਧੇਰੇ ਕਣਕ ਦੀ ਵੰਡ ਹੋ ਚੁੱਕੀ ਹੈ, 31 ਮਾਰਚ 2020 ਤੱਕ 100ਫ਼ੀਸਦੀ ਵੰਡ ਨੂੰ ਯਕੀਨੀ ਬਣਾ ਲਿਆ ਜਾਵੇਗਾ।