ਆਪਣੀ ਟੀਮ ਨਾਲ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਦੇ ਹੋਏ ਸਬ ਇੰਸਪੈਕਟਰ ਜਸਪ੍ਰੀਤ ਕੌਰ
ਦੀਦਾਰ ਗੁਰਨਾ/ਜਸਪਾਲ ਨਿੱਝਰ
ਪਟਿਆਲਾ, 29 ਮਾਰਚ : ਕਰੋਨਾ ਵਾਇਰਸ ਕਾਰਨ ਦੁਨੀਆ ਦੇ ਅਤਿ ਸ਼ਕਤੀਸ਼ਾਲੀ ਦੇਸ਼ ਵੀ ਮੁੜ੍ਹਕੋ-ਮੁੜ੍ਹਕੀ ਹੋਏ ਪਏ ਨੇ, ਯੂਰਪ ਤੋਂ ਲੈ ਕੇ ਅਮਰੀਕਾ ਤੱਕ ਨੇ ਆਪਣੇ ਬਾਰਡਰ ਬੰਦ ਕਰ ਦਿੱਤੇ ਹਨ। ਦੁਨੀਆ ਦੇ ਤਕਰੀਬਨ ਹਰ ਦੇਸ਼ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰੱਖਣ ਲਈ ਕਈ ਤਰ੍ਹਾਂ ਦੀਆਂ ਸਖਤੀਆਂ ਕੀਤੀਆਂ ਹੋਈਆਂ ਹਨ। ਅਜੇਹੇ ਬਿਗੜੇ ਹਲਾਤਾਂ ਵਿੱਚ ਦੁਨੀਆ ਭਰ ਦੇ ਲੋਕਾਂ ਵਿੱਚ ਜ਼ਰੂਰੀ ਸਾਜ਼ੋ ਸਮਾਨ ਨੂੰ ਸਟੋਰ ਕਰਨ ਦੀ ਜੱਦੋ-ਜਹਿਦ ਜਿਹੀ ਸ਼ੁਰੂ ਹੋ ਗਈ ਸੀ।ਪਰ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਕਰੋੜਾਂ ਮਜ਼ਦੂਰ ਲੋਕ, ਜੋ ਰੋਜ਼ਾਨਾ ਕੰਮ ਕਰਕੇ ਆਪਣਾ ਅਤੇ ਆਪਣੇ ਟੱਬਰ ਦਾ ਢਿੱਡ ਭਰਦੇ ਹਨ। ਇਸ ਮਹਾਂਮਾਰੀ ਕਾਰਨ ਅਜੇਹੇ ਲੋਕਾਂ ਦੇ ਸਾਹਮਣੇ ਭੁੱਖਮਰੀ ਹੀ ਕਰੋਨਾ ਵਾਇਰਸ ਨਾਲ਼ੋਂ ਕਿਤੇ ਵੱਡੀ ਚੁਨੌਤੀ ਬਣੀ ਹੋਈ ਹੈ। ਜਦੋਂ ਵੀ ਕਿਸੇ ਨਵੀਂ ਚੁਨੌਤੀ ਨਾਲ਼ ਸਮਾਜ ਵਿੱਚ ਨਿਰਾਸ਼ਾ ਪਸਰਦੀ ਹੈ ਤਾਂ ਸਮਾਜ ਵਿੱਚੋਂ ਕੁੱਝ ਚੰਗੇ ਲੋਕ ਪੋਹ ਦੀ ਠੰਢ ਵਿੱਚ ਨਿੱਘ ਦੇਣ ਵਾਲ਼ੇ ਸੂਰਜ ਵਾਂਗ ਚਾਨਣ ਕਰਨ ਲਈ ਸਾਹਮਣੇ ਆ ਹੀ ਜਾਂਦੇ ਹਨ।
ਅਜਿਹੇ ਹੀ ਚਾਨਣ-ਮੁਨਾਰਿਆਂ ਦੀ ਲਿਸਟ ਵਿੱਚ ਇਕ ਨਾਮ ਹੋਰ ਦਰਜ਼ ਹੋ ਗਿਆ ਹੈ , ਉਹ ਹੈ ਪਟਿਆਲਾ ਪੁਲਿਸ ਦੀ ਚੌਂਕੀ ਫੱਗਣਮਾਜਰਾ ਦੀ ਇੰਨਚਾਰਜ ਸਬ ਇੰਸਪੈਕਟਰ ਜਸਪ੍ਰੀਤ ਕੌਰ ਦਾ , ਜੋ ਆਪਣੀ ਟੀਮ ਦੇ ਸਹਿਯੋਗ ਨਾਲ ਭੁੱਖਿਆਂ ਦਾ ਢਿੱਡ ਭਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ । ਬਾਬੂਸ਼ਾਹੀ ਦੀ ਜਾਣਕਾਰੀ ਮੁਤਾਬਿਕ ਜਸਪ੍ਰੀਤ ਕੌਰ ਜਿੱਥੇ ਕੁੱਝ ਐਨ.ਜੀ.ਓਜ਼ ਦਾ ਸਾਥ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਤਨਖ਼ਾਹ ਵਿੱਚੋਂ ਲੋੜਵੰਦ ਲੋਕਾਂ ਲਈ ਸੁੱਕਾ ਰਾਸ਼ਨ ਵੰਡਣ ਤੋਂ ਇਲਾਵਾ ਤਿਆਰ ਕੀਤੇ ਭੋਜਨ ਦਾ ਲੰਗਰ ਲਾ ਕੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ । ਸਬ ਇੰਸਪੈਕਟਰ ਜਸਪ੍ਰੀਤ ਕੌਰ ਦੇ ਇਸ ਪਰਉਪਕਾਰ ਤੋਂ ਉਨ੍ਹਾਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਹੈ ਜੋ ਧੀਆਂ ਦੇ ਜੰਮਣ ਕਾਰਨ ਅਫ਼ਸੋਸ ਵਿੱਚ ਡੁੱਬ ਜਾਂਦੇ ਹਨ ਯਾ ਵਿਆਹ ਤੋਂ ਬਾਅਦ ਲੜਕੀਆਂ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਦੇ ਹਨ।
ਬਾਬੂਸ਼ਾਹੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਜਸਪ੍ਰੀਤ ਕੌਰ ਨੇ ਕਿਹਾ ਕਿ ਮੁਸ਼ਕਿਲ ਦੀ ਇਸ ਘੜੀ ਵਿੱਚ ਉਹ ਲੋਕਾਂ ਦੇ ਨਾਲ ਖੜੇ ਹਨ ਅਤੇ ਉਹ ਸਭ ਨੂੰ ਨਿਮਰਤਾ ਸਹਿਤ ਅਪੀਲ ਕਰਦੇ ਹਨ ਕਿ ਕੋਰੋਨਾ ਵਾਇਰਸ ਖਿਲਾਫ ਲੜੀ ਜਾ ਰਹੀ ਇਸ ਲੜਾਈ ਵਿੱਚ ਲੋਕ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤਾ ਕਿ ਅਸੀਂ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰ ਸਕੀਏ !