← ਪਿਛੇ ਪਰਤੋ
ਦੀਦਾਰ ਗੁਰਨਾ/ਜਸਪਾਲ ਨਿੱਝਰ ਮੋਹਾਲੀ, 29 ਮਾਰਚ : ਕਰੋਨਾ ਵਾਇਰਸ ਨੇ ਭਾਵੇਂ ਦੁਨੀਆ ਵਿੱਚ ਤ੍ਰਾਹ-ਤ੍ਰਾਹ ਕਰਵਾਈ ਪਈ ਹੈ, ਪਰ ਇਸ ਰੌਲ਼ੇ ਰੱਪੇ ਨੂੰ ਹੋਰ ਜ਼ਿਆਦਾ ਲਾਂਬੂ ਅਫ਼ਵਾਹਾਂ ਅਤੇ ਅਧੂਰੀ ਜਾਣਕਾਰੀ ਨੇ ਹੀ ਲਾਏ ਹਨ। ਪਰ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਬਿਖੜੇ ਹਲਾਤਾਂ ਵਿੱਚ ਇਨਸਾਨੀ ਏਕਤਾ ਦੀਆਂ ਮਿਸਾਲਾਂ ਕਾਇਮ ਕਰਨ ਵਾਲ਼ੇ ਲੋਕ ਸਾਹਮਣੇ ਆ ਹੀ ਜਾਂਦੇ ਨੇ। ਅਜਿਹੀ ਹੀ ਇੱਕ ਮਿਸਾਲ ਸਾਬਕਾ ਕੈਪਟਨ ਚੰਨਣ ਸਿੰਘ ਸਿੱਧੂ ਨੇ ਪੂਰੀ ਖੁੱਲ੍ਹ ਦਿਲੀ ਨਾਲ਼ ਕਾਇਮ ਕੀਤੀ ਹੈ। ਬਾਬੂਸ਼ਾਹੀ ਦੇ ਪੱਤਰਕਾਰ ਨਾਲ਼ ਗੱਲ ਕਰਦਿਆਂ ਕੈਪਟਨ ਚੰਨਣ ਸਿੰਘ ਨੇ ਦੱਸਿਆ ਕਿ ਅੱਜ ਦਿਨ ਐਤਵਾਰ ਤੱਕ ਤਕਰੀਬਨ 5 ਲੱਖ ਦਾ ਸੁੱਕਾ ਰਾਸ਼ਨ ਖ਼ਰੀਦ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਲੋੜ ਪੈਣ ਤੇ 10 ਲੱਖ ਯਾ ਇਸ ਤੋਂ ਵੱਧ ਦਾ ਰਾਸ਼ਨ ਵੀ ਖ਼ਰੀਦ ਕੇ ਵੰਡਿਆ ਜਾਵੇਗਾ। ਹੁਣ ਤੱਕ ਤਕਰੀਬਨ 150 ਤੋਂ ਵੱਧ ਪਰਿਵਾਰਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਨ ਦੀ ਵੰਡ ਮੋਹਾਲੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ਼ ਕੀਤੀ ਜਾ ਰਹੀ ਹੈ ਕਿਉਂਕਿ ਲੋੜਵੰਦ ਪਰਿਵਾਰ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਨਜ਼ਦੀਕ ਇੱਕ ਠੇਕੇਦਾਰ ਲੇਬਰ ਨੂੰ ਉਨ੍ਹਾਂ ਦੇ ਹਾਲ ਉੱਤੇ ਛੱਡ ਕੇ ਕਿਤੇ ਗੁੰਮ ਹੋ ਗਿਆ ਸੀ ਲੇਬਰ ਦੋ ਦਿਨ ਤੋਂ ਮਾੜੀ ਹਾਲਤ ਵਿੱਚ ਗੁਜ਼ਾਰਾ ਕਰ ਰਹੀ ਸੀ। ਮੋਹਾਲੀ ਦੇ ਇੱਕ ਪੁਲਿਸ ਅਫ਼ਸਰ ਦੀ ਮਦਦ ਨਾਲ਼ ਇਨ੍ਹਾਂ ਲੋਕਾਂ ਨੂੰ ਸੁੱਕਾ ਰਾਸ਼ਨ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਤਕਰੀਬਨ 10 ਦਿਨ ਦਾ ਰਾਸ਼ਨ ਹਰ ਲੋੜਵੰਦ ਪਰਿਵਾਰ ਨੂੰ ਦਿੱਤਾ ਜਾ ਰਿਹਾ ਹੈ। ਕੈਪਟਨ ਚੰਨਣ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਉਨ੍ਹਾਂ ਦੀ ਗੈਸ ਏਜੰਸੀ ਹੈ ਉੱਥੇ ਵੀ ਕੋਈ ਲੋੜਵੰਦ ਉਨ੍ਹਾਂ ਨਾਲ਼ ਰਾਬਤਾ ਕਰਦਾ ਹੈ ਤਾਂ ਗੈਸ ਏਜੰਸੀ ਦੇ ਮੁਲਾਜ਼ਮ ਲੋੜਵੰਦਾਂ ਤੱਕ ਰਾਸ਼ਨ ਪਹੁੰਚਾ ਰਹੇ ਹਨ। ਕੈਪਟਨ ਚੰਨਣ ਸਿੰਘ ਸਿੱਧੂ ਦੀ ਇਸ ਦਰਿਆ-ਦਿਲੀ ਨੂੰ ਦੇਖਦੇ ਹੋਏ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਮਨੁੱਖੀ ਸਭਿਅਤਾ ਕਰੋਨਾ ਵਰਗੀਆਂ ਮਹਾਂ-ਮਾਰੀਆਂ ਨੂੰ ਚੀਰਦੀ ਹੋਈ ਜ਼ਿੰਦਗੀ ਜੀਊਣ ਦੇ ਨਵੇਂ ਰਾਹ ਲੱਭ ਹੀ ਲਵੇਗੀ।
Total Responses : 936