* ਦਵਾਈਆਂ ਸਬੰਧੀ ਹੈਲਪਲਾਈਨ ਸੁਵਿਧਾ ਤੋਂ ਬਾਦ ਪ੍ਰਸ਼ਾਸਨ ਵੱਲੋਂ ਇੱਕ ਹੋਰ ਅਹਿਮ ਐਲਾਨ
* ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ 76529-61793 ਜਾਰੀ
* ਕੈਮਿਸਟ ਐਸੋਸੀਏਸ਼ਨਾਂ ਦੇ ਨਾਲ ਨਾਲ ਦਵਾਈ ਵਿਕ੍ਰੇਤਾ ਕੰਪਨੀਆਂ ਨਾਲ ਸਿੱਧੇ ਤੌਰ 'ਤੇ ਕੀਤਾ ਜਾਵੇਗਾ ਸੰਪਰਕ
* ਕਰਫਿਊ ਦੌਰਾਨ ਕਿਸੇ ਵੀ ਨਾਗਰਿਕ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦੇਵਾਂਗੇ: ਡਿਪਟੀ ਕਮਿਸ਼ਨਰ
ਹਰਿੰਦਰ ਨਿੱਕਾ
ਸੰਗਰੂਰ, 30 ਮਾਰਚ: 2020 - ਕਰਫਿਊ ਦੇ ਬਾਵਜੂਦ ਜ਼ਿਲ੍ਹਾ ਨਿਵਾਸੀਆਂ ਨੂੰ ਦਵਾਈਆਂ ਅਤੇ ਮੈਡੀਕਲ ਸੇਵਾਵਾਂ ਦੇ ਖੇਤਰ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦੇਣ ਦੇ ਸਾਰਥਕ ਕਦਮਾਂ ਦੀ ਲੜੀ ਵਿੱਚ ਇੱਕ ਹੋਰ ਅਹਿਮ ਪੁਲਾਂਘ ਪੁੱਟਦਿਆਂ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਐਲਾਨ ਕੀਤਾ ਕਿ ਜਿਹੜੇ ਵੀ ਨਾਗਰਿਕਾਂ ਨੂੰ ਕਿਸੇ ਕੰਪਨੀ ਦੀ ਦਵਾਈ ਆਪਣੇ ਇਲਾਕੇ ਦੇ ਕੈਮਿਸਟਾਂ ਕੋਲੋਂ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਉਨ੍ਹਾਂ ਦੀ ਮੁਸ਼ਕਿਲ ਨੂੰ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਸਬੰਧਤ ਦਵਾਈ ਦੀ ਕੰਪਨੀ, ਭਾਵੇਂ ਉਹ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਹੋਵੇ, ਨਾਲ ਰਾਬਤਾ ਕੀਤਾ ਜਾਵੇਗਾ ਅਤੇ ਘੱਟ ਤੋਂ ਘੱਟ ਸਮੇਂ ਵਿੱਚ ਮਰੀਜ਼ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਸ਼੍ਰੀ ਥੋਰੀ ਨੇ ਕਿਹਾ ਕਿ ਕੁਝ ਚੋਣਵੀਆਂ ਦਵਾਈਆਂ ਸਾਰੇ ਕੈਮਿਸਟਾਂ ਕੋਲ ਮੌਜੂਦ ਨਹੀਂ ਹੁੰਦੀਆਂ ਅਤੇ ਕਰਫਿਊ ਕਾਰਨ ਅਜਿਹੀਆਂ ਦਵਾਈਆਂ ਲੋੜਵੰਦ ਲੋਕਾਂ ਲਈ ਉਪਲਬਧ ਕਰਵਾਉਣ ਲਈ ਇਹ ਕਦਮ ਪੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਹੈਲਪਲਾਈਨ ਨੰਬਰ 76529-61793 ਉਪਲਬਧ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਵਾਈਆਂ ਸਬੰਧੀ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਜ਼ਿਲ੍ਹੇ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਸਥਾਪਤ ਕੀਤੇ ਗਏ ਵਿਸ਼ੇਸ਼ ਹੈਲਪਲਾਈਨ ਨੰਬਰਾਂ 'ਤੇ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਕਾਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸ਼੍ਰੀ ਥੋਰੀ ਨੇ ਦੱਸਿਆ ਕਿ ਉਨ੍ਹਾਂ ਦੇ ਨਿੱਜੀ ਵਟਸਐਪ ਨੰਬਰ 'ਤੇ ਵੀ ਰੋਜ਼ਾਨਾ ਵੱਡੀ ਗਿਣਤੀ ਵਿੱਚ ਮੈਸੇਜ਼ ਦਵਾਈਆਂ ਨਾਲ ਸਬੰਧਤ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਹਰੇਕ ਕੰਪਨੀ ਨਾਲ ਸਬੰਧਤ ਦਵਾਈ ਮਰੀਜ਼ਾਂ ਤੱਕ ਉਪਲਬਧ ਕਰਵਾਉਣ ਲਈ ਜਿਥੇ ਪਹਿਲਾਂ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨਾਲ ਰਾਬਤਾ ਕੀਤਾ ਜਾਵੇਗਾ ਉਥੇ ਹੀ ਐਸੋਸੀਏਸ਼ਨ ਰਾਹੀਂ ਵੀ ਦਵਾਈ ਨਾ ਪ੍ਰਾਪਤ ਹੋਣ 'ਤੇ ਦਵਾਈ ਬਣਾਉਣ ਵਾਲੀ ਕੰਪਨੀ ਨਾਲ ਪ੍ਰਸ਼ਾਸਨਿਕ ਪੱਧਰ 'ਤੇ ਰਾਬਤਾ ਕਰਦੇ ਹੋਏ ਦਵਾਈ ਡਿਪਟੀ ਕਮਿਸ਼ਨਰ ਦਫ਼ਤਰ ਜਾਂ ਸਬੰਧਤ ਐਸ.ਡੀ.ਐਮ ਦਫ਼ਤਰ ਵਿਖੇ ਮੰਗਵਾਈ ਜਾਵੇਗੀ ਅਤੇ ਮੰਗਵਾਈ ਗਈ ਦਵਾਈ ਦੇ ਪਹੁੰਚਣ ਤੋਂ ਬਾਅਦ ਹੀ ਦਵਾਈ ਦੀ ਬਣਦੀ ਅਦਾਇਗੀ ਲਈ ਮਰੀਜ਼ ਨੂੰ ਕਿਹਾ ਜਾਵੇਗਾ।