9 ਘੰਟੇ ਰੁਲਦੀ ਰਹੀ ਕੋਰੋਨਾ ਪੀੜਤ ਦੀ ਲਾਸ਼, ਫਿਰ ਇੰਝ ਪੁੱਜੀ ਘਰ
ਪਟਿਆਲਾ, 1 ਅਪ੍ਰੈਲ, 2020 : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੌਤ ਦੇ ਮੂੰਹ ਵਿਚ ਜਾ ਪਈ ਲੁਧਿਆਣਾ ਦੀ ਕੋਰੋਨਾਵਾਇਰਸ ਪੀੜਤ ਮਹਿਲਾ ਦੀ ਲਾਸ਼ 9 ਘੰਟੇ ਹਸਪਤਾਲ ਵਿਚ ਰੁਲਦੀ ਰਹੀ। ਇਸ ਮਹਿਲਾ ਦੀ ਸੋਮਵਾਰ ਨੂੰ ਦੁਪਹਿਰ 2 ਵਜੇ ਮੌਤ ਹੋ ਗਈ ਸੀ, ਜਦੋਂ ਪਰਿਵਾਰ ਵਾਲਿਆਂ ਨੇ ਲਾਸ਼ ਲੁਧਿਆਣਾ ਲਿਜਾਣ ਲਈ ਐਂਬੂਲੈਂਸ ਚਾਲਕਾਂ ਨਾਲ ਸੰਪਰਕ ਕੀਤਾ ਤਾਂ ਕੋਈ ਵੀ ਲਾਸ਼ ਲਿਜਾਣ ਲਈ ਰਾਜ਼ੀ ਨਾ ਹੋਇਆ। 9 ਘੰਟੇ ਦੀ ਜੱਦੋ ਜਹਿਦ ਜਦੋਂ ਸਿਰੇ ਨਾ ਚੜੀ ਫਿਰ ਰਾਤ 11 ਵਜੇ ਹਸਪਤਾਲ ਪ੍ਰਸ਼ਾਸਨ ਨੇ ਸ਼ਮਸ਼ਾਨ ਘਾਟ ਤੋਂ ਐਂਬੂਲੈਂਸ ਮੰਗਵਾ ਕੇ ਲਾਸ਼ ਲੁਧਿਆਣਾ ਭੇਜੀ। ਲਾਸ਼ ਨੂੰ ਉਸਦੇ ਦੋਵੇਂ ਪੁੱਤਰ, ਸਿਹਤ ਵਿਭਾਗ ਤੇ ਪੁਲਿਸ ਦੇ ਅਧਿਕਾਰੀ ਲੈ ਕੇ ਲੁਧਿਆਣਾ ਪੁੱਜੇ ਤੇ ਰਾਤ ਵੇਲੇ ਹੀ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜਿਹੜੀ ਐਂਬੂਲੈਂਸ ਲਾਸ਼ ਲੁਧਿਆਣਾ ਛੱਡ ਕੇ ਆਈ, ਸਿਹਤ ਵਿਭਾਗ ਨੇ ਉਸਦੇ ਡਰਾਈਵਰ ੇ ਹੈਲਪਰ ਨੂੰ ਇਕਾਂਤਵਾਸ ਵਿਚ ਨਹੀਂ ਰੱਖਿਆ। ਦੋਹਾਂ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਗਲਵਜ਼, ਮਾਸਕ ਤੇ ਸੈਨੇਟਾਈਜ਼ਰ ਦੇ ਕੇ ਭੇਜ ਦਿੱਤਾ ਗਿਆ ਤੇ ਕਹਿ ਦਿੱਤਾ ਕਿ ਉਹ ਆਪਣੇ ਬੱਚਿਆਂ ਤੋਂ 14 ਦਿਨ ਦੂਰ ਰਹਿਣ। ਦੋਵੇਂ ਸ਼ਮਸ਼ਾਨ ਘਾਟ ਵਿਚ ਹੀ ਪਰਿਵਾਰਾਂ ਨਾਲ ਰਹਿੰਦੇ ਹਨ।