ਹਰਜਿੰਦਰ ਸਿੰਘ ਬਸਿਆਲਾ
- ਭਾਰਤ ਦੀ ਪਹਿਲੀ ਸਿਹਤ ਮੰਤਰੀ ਸਵ. ਰਾਜਕੁਮਾਰੀ ਅੰਮ੍ਰਿਤ ਕੌਰ 1950 'ਚ 'ਵਰਲਡ ਹੈਲਥ ਆਰਗੇਨਾਈਜੇਸ਼ਨ' ਸਭਾ ਦੀ ਸੀ ਪ੍ਰਧਾਨ
- 17 ਸਾਲ ਰਹੀ ਮਹਾਤਮਾ ਗਾਂਧੀ ਸੈਕਟਰੀ
- ਇੰਡੀਅਨ ਕੌਂਸਲ ਫਾਰ ਚਾਇਲਡ ਵੈਲਫੇਅਰ ਦੀ ਕੀਤੀ ਸਥਾਪਨ ਤੇ ਬਣੀ ਪਹਿਲੀ ਪ੍ਰਧਾਨ
ਔਕਲੈਂਡ, 1 ਅਪ੍ਰੈਲ 2020 - ਕਹਿੰਦੇ ਨੇ ਸਮਾਂ ਚੰਗਾ-ਮਾੜਾ ਇਤਿਹਾਸ ਦੁਹਰਾਉਂਦਾ ਹੈ। ਅੱਜ ਪੂਰਾ ਵਿਸ਼ਵ 'ਕਰੋਨਾ ਵਾਇਰਸ' ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਪਿਛਲੀਆਂ ਮਹਾਂਮਾਰੀਆ ਦਾ ਦੁਬਾਰਾ ਜ਼ਿਕਰ ਹੋ ਰਿਹਾ ਹੈ। ਕਿਸੇ ਸਮੇਂ ਭਾਰਤ ਦੇ ਵਿਚ ਮਲੇਰੀਆ ਨਾਂਅ ਦੀ ਮਹਾਂਮਾਰੀ ਨੇ ਲੱਖਾਂ ਦੀ ਗਿਣਤੀ ਵਿਚ ਭਾਰਤ ਸਮੇਤ ਏਸ਼ੀਆ ਮਹਾਂਦੀਪ ਦੇ ਲੋਕਾਂ ਦੀ ਜਾਨ ਲਈ ਸੀ। ਉਸ ਸਮੇਂ ਭਾਰਤ ਦੀ ਪਹਿਲੀ ਸਿਹਤ ਮੰਤਰੀ (1947 ਤੋਂ 1957) ਰਾਜਕੁਮਾਰੀ ਅੰਮ੍ਰਿਤ ਕੌਰ (ਸਪੁੱਤਰੀ ਰਾਜਕੁਮਾਰ ਹਰਨਾਮ ਸਿੰਘ ਕਪੂਰਥਲਾ ਰਿਆਸਤ) ਹੋਇਆ ਕਰਦੀ ਸੀ।
ਘੋਖ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਮਲੇਰੀਆ ਦੀ ਮਹਾਂਮਾਰੀ ਦੌਰਾਨ ਦੇਸ਼ ਦੀ ਇਸ ਪਹਿਲੀ ਸਿਹਤ ਮੰਤਰੀ ਨੇ ਵੱਡੀ ਲਹਿਰ ਚਲਾ ਕੇ ਮਲੇਰੀਏ ਵਰਗੀ ਮਾਰੂ ਬਿਮਾਰੀ ਉਤੇ ਕਾਬੂ ਪਾਉਣ ਵਿਚ ਬਹੁਤ ਯੋਗਦਾਨ ਪਾਇਆ ਸੀ।
ਪੰਜਾਬੀ ਪਰਿਵਾਰ ਦੀ ਇਹ ਮਹਿਲਾ ਵਿਦੇਸ਼ ਦੀ ਪੜ੍ਹੀ ਹੋਈ ਸੀ ਅਤੇ ਮਹਾਤਮਾ ਗਾਂਧੀ ਦੇ ਚਲਾਏ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਆਸ਼ਰਮ ਵਿਚ ਚਲੇ ਗਈ ਸੀ ਅਤੇ ਫਿਰ 17 ਸਾਲ ਤੱਕ ਮਹਾਤਮਾ ਗਾਂਧੀ ਦੀ ਸੈਕਟਰੀ ਰਹੀ। ਤਿੰਨ ਸਾਲ ਤੱਕ ਮਹਾਤਮਾ ਗਾਂਧੀ ਨਾਲ ਇਸਨੇ ਜ਼ੇਲ੍ਹ ਵੀ ਕੱਟੀ। ਕ੍ਰਿਸਚੀਅਨ ਧਰਮ ਦੇ ਵਿਚ ਪਰਿਵਰਤਨ, ਬ੍ਰਿਟੇਨ ਦੇ ਸਕੂਲ ਵਿਚ ਪੜ੍ਹਾਈ, ਉਥੇ ਦੇ ਸ਼ੇਰਬੋਰਨ (ਡੋਰਸਟ) ਸਕੂਲ ਦੀ ਹੈਡ ਗਰਲ, ਹਾਕੀ ਤੇ ਕ੍ਰਿਕਟ ਦੀ ਕੈਪਟਨ ਤੇ ਔਕਫੋਰਡ ਤੋਂ ਉਚੇਰੀ ਸਿੱਖਿਆ ਵਾਲੀ ਇਹ ਮਹਿਲਾ ਨੇ 10 ਸਾਲ ਭਾਰਤ ਦੇ ਸਿਹਤ ਮੰਤਰਾਲੇ ਨੂੰ ਚਲਾਇਆ। ਇਸ ਪੰਜਾਬੀ ਮਹਿਲਾ ਨੇ ਹੀ 'ਇੰਡੀਅਨ ਕੌਂਸਿਲ ਫਾਰ ਚਾਇਲਡ ਵੈਲਫੇਅਰ' ਦੀ ਸਥਾਪਨਾ ਕੀਤੀ ਅਤੇ ਪ੍ਰਧਾਨ ਬਣੀ।
ਇਸ ਤੋਂ ਇਲਾਵਾ ਉਹ 'ਇੰਡੀਅਨ ਲੈਪਰਸੀ (ਕੋਹੜ) ਐਸੋਸੀਏਸ਼ਨ' ਦੀ ਪ੍ਰਧਾਨ, 'ਟਿਊਬਰਕਿਉਲਿਸ (ਟੀ.ਬੀ.) ਐਸੋਸੀਏਸ਼ਨ ਦੀ ਪ੍ਰਧਾਨ, ਇੰਟਰਨੈਸ਼ਨਲ ਰੈਡ ਕ੍ਰਾਸ ਸੁਸਾਇਟੀ ਦੀ ਮੀਤ ਪ੍ਰਧਾਨ ਅਤੇ 'ਸੇਂਟ ਜੌਹਨ ਐਂਬੂਲੈਂਸ ਬ੍ਰਿਗੇਡ ਆਫ ਇੰਡੀਆ' ਦੀ ਚੀਫ ਕਮਿਸ਼ਨਰ ਰਹੀ। ਇਥੇ ਹੀ ਬੱਸ ਨਹੀਂ ਅੱਜ ਜੋ 'ਵਰਲਡ ਹੈਲਥ ਆਰਗੇਨਾਈਜੇਸ਼ਨ' ਕਰੋਨਾ ਵਾਇਰਸ ਦੇ ਨਾਲ ਲੜਨ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਦੇ ਸਮਾਗਮਾਂ ਵਿਚ ਭਾਗ ਲੈਣ ਲਈ ਰਾਜਕੁਮਾਰੀ ਅੰਮ੍ਰਿਤ ਕੌਰ ਚਾਰ ਵਾਰ ਭਾਰਤੀ ਵਫਦ ਦੀ ਅਗਵਾਈ ਕਰਨ ਯੂ. ਐਨ. ਓ. ਗਈ ਅਤੇ 1950 ਦੇ ਵਿਚ ਹੋਈ ਮਹਾਂਸਭਾ (194 ਦੇਸ਼) ਦੀ ਪ੍ਰਧਾਨਗੀ ਕੀਤੀ ਤੇ ਪਹਿਲੀ ਅਜਿਹੀ ਮਹਿਲਾ ਬਣੀ। 1956 ਦੇ ਵਿਚ ਅੰਮ੍ਰਿਤ ਕੌਰ ਨੂੰ 'ਪ੍ਰਿੰਸਟਨ ਯੂਨੀਵਰਸਿਟੀ' ਵੱਲੋਂ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਆ ਗਿਆ।
ਟਾਈਮ ਮੈਗਜ਼ੀਨ ਵੱਲੋਂ 1947 ਦੇ ਵਿਚ ਅੰਮ੍ਰਿਤ ਕੌਰ ਨੂੰ 'ਵੋਮੈਨ ਆਫ ਦਾ ਯੀਅਰ' ਐਲਾਨਿਆ ਗਿਆ ਸੀ। 1989 ਦੇ ਵਿਚ ਭਾਰਤ ਸਰਕਾਰ ਨੇ ਇਸ ਦੀ ਤਸਵੀਰ ਵਾਲੀ ਇਕ ਡਾਕ ਟਿਕਟ ਵੀ ਜਾਰੀ ਕੀਤੀ। ਸਿਹਤ ਮੰਤਰਾਲੇ ਤੋਂ ਬਾਅਦ ਵੀ ਇਸ ਮਹਿਲਾ ਨੇ ਇਸਤਰੀਆਂ ਦੇ ਹੱਕਾਂ ਲਈ ਬਹੁਤ ਕੁਝ ਕੀਤਾ। ਸਿਹਤ ਮੰਤਰੀ ਹੁੰਦਿਆ ਇਸ ਨੇ 'ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼' ਨਵੀਂ ਦਿੱਲੀ ਲਈ ਖਾਸ ਰੋਲ ਅਦਾ ਕੀਤਾ ਅਤੇ ਪ੍ਰਧਾਨ ਬਣੀ। ਇਸਨੇ ਨਿਊਜ਼ੀਲੈਂਡ, ਆਸਟਰੇਲੀਆ, ਵੈਸਟ ਜ਼ਰਮਨੀ, ਸਵੀਡਨ ਅਤੇ ਅਮਰੀਕਾ ਤੋਂ ਸਹਾਇਤਾ ਲਈ। ਇਸਨੇ ਅਤੇ ਇਸਦੇ ਭਰਾ ਆਪਣੇ ਸ਼ਿਮਲੇ ਵਾਲੇ ਵਿਰਾਸਤੀ ਘਰ (ਮਨੋਰਵਿਲਾ) ਨੂੰ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਅਤੇ ਇਸ ਨੂੰ ਸਟਾਫ ਅਤੇ ਨਰਸਾਂ ਦੀ ਰਿਹਾਇਸ ਵਾਸਤੇ ਵਰਤਿਆ ਗਿਆ। ਇਥੇ ਮਹਾਤਮਾ ਗਾਂਧੀ ਵੀ ਕਈ ਸਾਲ ਤੱਕ ਰੁਕਦੇ ਰਹੇ। ਅਕਸਰ ਸਿਰ ਉਤੇ ਚੁੰਨੀ ਜਾਂ ਸਾੜੀ ਦਾ ਪੱਲੂ ਰੱਖਣ ਵਾਲੀ ਰਾਜਕੁਮਾਰੀ ਅੰਮ੍ਰਿਤ ਕੌਰ 6 ਫਰਵਰੀ 1964 ਨੂੰ ਸਦਾ ਲਈ ਇਸ ਜਹਾਨ ਤੋਂ ਤੁਰ ਗਈ। ਜਮੁਨਾ ਕੰਢੇ ਇਸ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ।