ਅਸ਼ੋਕ ਵਰਮਾ
- 33 ਸਾਲ ਤੋਂ ਕਰ ਚੁੱਕੇ ਨੇ ਵੱਖ ਵੱਖ ਅਹੁਦਿਆਂ ਤੇ ਸੇਵਾ
ਬਠਿੰਡਾ, 1 ਅਪ੍ਰੈਲ 2020 - ਸ਼੍ਰੀ ਗੁਰੁ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਬੁੱਧਵਾਰ ਨੂੰ ਚੀਫ ਇੰਜੀਨੀਅਰ ਬਲਵਿੰਦਰ ਸਿੰਘ ਲਾਖਾ ਨੇ ਜੁਆਇਨ ਕਰ ਲਿਆ ਹੈ। ਲਾਖਾ ਇਸ ਤੋਂ ਪਹਿਲਾਂ ਵੱਖ ਵੱਖ ਅਹੁਦਿਆਂ ਤੇ ਆਪਣੀ ਸੇਵਾ ਨਿਭਾ ਚੁੱਕੇ ਹਨ। ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਸੂਹਾ ਵਿਖੇ ਜਨਮ ਲੈਣ ਵਾਲੇ ਬਲਵਿੰਦਰ ਸਿੰਘ ਲਾਖਾ ਨੇ ਆਪਣੀ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ਚੰਡੀਗੜ ਤੋਂ ਇੰਜਨੀਅਰਿੰਗ ਪੂਰੀ ਕਰਨ ਉਪਰੰਤ ਬਤੌਰ ਏ.ਈ. ਸ਼੍ਰੀ ਗੁਰੁ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਵਿਖੇ ਬਿਜ਼ਲੀ ਵਿਭਾਗ ਵਿੱਚ ਆਪਣੀ ਪਹਿਲੀ ਜੁਆਇਨਿੰਗ ਕੀਤੀ। ਇਸ ਤੋਂ ਬਾਅਦ ਹੁਣ ਤੱਕ ਬਿਜ਼ਲੀ ਵਿਭਾਗ ਦੇ ਵੱਖ ਵੱਖ ਥਾਵਾਂ ਤੇ ਸੇਵਾ ਨਿਭਾਉਣ ਉਪਰੰਤ ਚੀਫ ਇੰਜੀਨੀਅਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਪਹਿਲਾ ਲਾਖਾ ਲੁਧਿਆਣਾ ਵਿਖੇ ਬਤੌਰ ਚੀਫ ਇੰਜੀਨੀਅਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਚੀਫ ਇੰਜੀਨੀਅਰ ਬਲਵਿੰਦਰ ਸਿੰਘ ਲਾਖਾ ਨੇ ਅਹੁਦਾ ਸੰਭਾਲਣ ਉਪਰੰਤ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਜੜੋਂ ਖਤਮ ਕਰਨ ਲਈ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਆਪਣੇ ਘਰਾਂ ਵਿੱਚ ਰਹਿ ਕੇ ਇਸ ਲੜਾਈ ’ਚ ਯੋਗਦਾਨ ਪਾਉਣ। ਉਨ੍ਹਾਂ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਦੇ ਨਾਲ ਨਾਲ ਆਪਣੀ ਸਿਹਤ ਦਾ ਖਿਆਲ ਰੱਖਣ।
ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਦੀ ਤਰਾਂ ਹੀ ਆਪਣੇ ਵਿਭਾਗ ਪ੍ਰਤੀ ਇਮਾਨਦਾਰੀ ਤੇ ਮਿਹਨਤ ਨਾਲ ਆਪਣੀ ਸੇਵਾ ਨਿਭਾਉਣਗੇ। ਉਨਾਂ ਆਪਣੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਥਰਮਲ ਪਲਾਂਟ ਚਲਾਉਣ ਦੇ ਆਦੇਸ਼ ਮਿਲੇ ਤਾਂ ਉਹ ਤੁਰੰਤ ਵਿਭਾਗ ਦੇ ਆਦੇਸ਼ਾਂ ਤੇ ਅਮਲ ਕਰਨ।ਇਸ ਮੌਕੇ ਡਿਪਟੀ ਚੀਫ ਇੰਜਨੀਅਰ ਦਵਿੰਦਰ ਪਾਲ ਗਰਗ, ਡਿਪਟੀ ਚੀਫ ਇੰਜਨੀਅਰ ਮੱਸਾ ਸਿੰਘ, ਨਿਗਰਾਨ ਇੰਜਨੀਅਰ ਨੰਦ ਲਾਲ ਅਤੇ ਪੀ.ਆਰ.ਓ. ਗੋਪਾਲ ਸ਼ਰਮਾ ਮੌਜੂਦ ਸਨ।