ਗੋਲੂ ਕਾ ਮੋੜ ਗੁਰੂਹਰਸਹਾਏ ਉੱਪਰ ਪੁਲਿਸ ਨਾਕੇ ਦੌਰਾਨ ਅਡੈਂਟਟੀ ਚੈੱਕ ਕਰਦੀ ਪੁਲੀਸ ਪਾਰਟੀ ਦੇ ਜਵਾਨ
ਜਗਦੀਸ਼ ਥਿੰਦ
ਫਾਜ਼ਿਲਕਾ / ਫਿਰੋਜ਼ਪੁਰ 2 ਅਪ੍ਰੈਲ ; ਕੋਵਿਡ - 19 ਨਾਵਲ ਕਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਐੱਸ ਐੱਸ ਪੀ ਫਾਜ਼ਿਲਕਾ ਹਰਜੀਤ ਸਿੰਘ ਆਈ ਪੀ ਐੱਸ ਵੱਲੋਂ ਸ਼ੇਅਰ ਕੀਤੇ ਗਏ ਇੱਕ ਸੁਨੇਹਿਆਂ ਦੀ ਕਾਪੀ
--------------------------------------------------------------
ਐੱਸ ਐੱਸ ਪੀ ਫਾਜ਼ਿਲਕਾ ਹਰਜੀਤ ਸਿੰਘ ਆਈ ਪੀ ਐੱਸ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਉੱਪਰ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਲਈ ਘਰਾਂ ਤੋਂ ਬਾਹਰ ਨਾ ਆਉਣ ।
ਵਟਸਐੱਪ ਗਰੁੱਪ ਫਾਜ਼ਿਲਕਾ ਪ੍ਰੈੱਸ ਵਿੱਚ ਐਸ ਐਸ ਪੀ ਫਾਜ਼ਿਲਕਾ ਹਰਜੀਤ ਸਿੰਘ ਵੱਲੋਂ ਪੁਲਿਸ ਥਾਣਾ ਅਮੀਰ ਖ਼ਾਸ ਦੇ ਐਸ ਐਚ ਓ ਵੱਲੋਂ ਆਪਣੇ ਹੱਥੀਂ ਭੁੱਖੇ ਲਾਚਾਰ ਲੋਕਾਂ ਨੂੰ ਵਰਤਾਏ ਜਾ ਰਹੇ ਲੰਗਰ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ ।
ਇਸ ਦੌਰਾਨ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਉੱਪਰ ਦਰਜ ਕੀਤੇ ਗਏ ਅਪਰਾਧਿਕ ਮੁਕੱਦਮੇ ਵਿੱਚ ਦਰਜਨਾਂ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ ।
ਐੱਸ ਐੱਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਹੀ ਪੁਲਸ ਥਾਣਾ ਮੁਖੀਆਂ ਵੱਲੋਂ ਇਲਾਕੇ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਸੁੱਕੀ ਰਾਸ਼ਨ ਸਮੱਗਰੀ ਆਮ ਲੋਕਾਂ ਵਿੱਚ ਵੰਡੀ ਗਈ ਹੈ ।
ਐੱਸ ਐੱਚ ਓ ਪੁਲਿਸ ਥਾਣਾ ਲੱਖੋਂ ਕੇ ਬਹਿਰਾਮ ਗੁਰਤੇਜ ਸਿੰਘ ਬਰਾੜ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਸਮੱਗਰੀ ਸੌਂਪਦੇ ਹੋਏ
-------------------------------------------------------
ਪੁਲਿਸ ਥਾਣਾ ਲੱਖੋ ਕੇ ਬਹਿਰਾਮ ਦੇ ਐਸ ਐਚ ਓ ਗੁਰਤੇਜ ਸਿੰਘ ਬਰਾੜ ਵੱਲੋਂ ਸੈਂਕੜੇ ਲੋਕਾਂ ਵਿੱਚ ਦਾਲ , ਆਟਾ , ਤੇਲ , ਮਸਾਲੇ , ਸਬਜ਼ੀਆਂ ਅਤੇ ਹੋਰ ਜ਼ਰੂਰੀ ਵਸਤਾਂ ਤਕਸੀਮ ਕੀਤੀਆਂ ਗਈਆਂ ਹਨ ।
ਐੱਸ ਐੱਚ ਓ ਗੁਰੂਹਰਸਹਾਏ ਜਸਵਰਿੰਦਰ ਸਿੰਘ ਵੱਲੋਂ ਖੁਦ ਨਾਕਿਆਂ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ ।
ਬੱਸ ਅੱਡਾ ਗੋਲੂ ਕਾ ਮੋੜ ਉੱਪਰ ਲਗਾਏ ਨਾਕੇ ਵਿੱਚ ਪੁਲੀਸ ਮੁਲਾਜ਼ਮ ਆਮ ਲੋਕਾਂ ਨੂੰ ਖਤਰਨਾਕ ਕਿਸਮ ਦੇ ਨਵਲ ਕਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਤੋਂ ਜਾਣੂੰ ਕਰਵਾਉਂਦੇ ਨਜ਼ਰੀਂ ਪਏ ।
ਸੜਕ ਉੱਪਰੋਂ ਗੁਜ਼ਰਦੇ ਮੋਟਰਸਾਈਕਲ ਅਤੇ ਕਾਰਾਂ ਦੇ ਸਵਾਰਾਂ ਨੂੰ ਦਵਾਈਆਂ , ਰਾਹਤ ਸਮੱਗਰੀ , ਤਿਆਰ ਲੰਗਰ ਵੰਡਣ ਲਈ ਜਾਰੀ ਅਥਾਰਟੀ ਲੈਟਰ ਅਤੇ ਪੱਤਰਕਾਰਾਂ ਦੇ ਪੰਜਾਬ ਸਰਕਾਰ ਵੱਲੋਂ ਜਾਰੀ ਯੈਲੋ ਕਾਰਡ ਚੈੱਕ ਕਰਨ ਤੋਂ ਬਾਅਦ ਅੱਗੇ ਜਾਣ ਦਿੱਤਾ ਜਾ ਰਿਹਾ ਹੈ ।
ਇਸ ਦੌਰਾਨ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਵੱਲੋਂ ਤਿਆਰ ਲੰਗਰ ਵੀ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ ।
ਰਾਧਾ ਸਵਾਮੀ ਸਤਸੰਗ ਘਰ ਗੋਲੂਕਾ ਮੋੜ ਵਿਖੇ ਵੀ ਲੰਗਰ ਤਿਆਰ ਕਰਕੇ ਜ਼ਰੂਰਤਮੰਦਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ ।
ਗੁਰੂ ਹਰਸਹਾਏ ਦੇ ਸਮਾਜ ਸੇਵੀਆਂ ਵੱਲੋਂ ਨਾਕਿਆਂ ਤੇ ਤਾਇਨਾਤ ਮੁਲਾਜ਼ਮਾਂ ਤੱਕ ਤਿਆਰ ਕੀਤਾ ਹਲਵਾ ਅਤੇ ਪੂੜੀ ਛੋਲੇ ਪਹੁੰਚਾਏ ਗਏ ।
ਇਸ ਦੌਰਾਨ ਡੀ ਆਈ ਜੀ ਫ਼ਿਰੋਜ਼ਪੁਰ ਹਰਦਿਆਲ ਸਿੰਘ ਮਾਨ ਵੱਲੋਂ ਆਮ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਨਵਲ ਕਰੋਨਾ ਵਇਰਸ ਸਬੰਧੀ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਘਰਾਂ ਅੰਦਰ ਦਵਾਈਆਂ , ਫਲ ਅਤੇ ਸਬਜ਼ੀਆਂ ਪਹੁੰਚਾਉਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ।
ਆਮ ਲੋਕ ਕਰਫਿਊ ਨੂੰ ਲਾਗੂ ਕਰਨ ਚ ਸਹਿਯੋਗ ਕਰਨਗੇ ਤਾਂ ਇਸ ਵਾਇਰਸ ਦੀ ਲਾਗ ਤੋਂ ਬਚੇ ਰਹਿਣਗੇ ।
ਪਿੰਡ ਵਾਸਲ ਮੋਹਨ ਕੇ ਵਿਖੇ ਸੈਨੀਟਾਈਜ਼ਰ ਦਾ ਛਿੜਕਾਅ ਕਰਦੇ ਹੋਏ ਨੌਜਵਾਨ
-----------------------------------------------------------
ਇਸ ਤੋਂ ਪਹਿਲਾਂ ਪਿੰਡਾਂ ਅੰਦਰ ਪੁੱਜੇ ਸੈਨੀਟਾਈਜ਼ਰ ਨਾਲ ਪੰਚਾਇਤਾਂ ਵੱਲੋਂ ਪਿੰਡਾਂ ਦੇ ਗਲੀਆਂ ਬਾਜ਼ਾਰਾਂ ਵਿੱਚ ਛਿੜਕਾਅ ਕੀਤਾ ਗਿਆ ਹੈ ।