ਅਸ਼ੋਕ ਵਰਮਾ
- ਸਰਕਾਰੀ ਅਤੇ ਪ੍ਰਸ਼ਾਸਨਿਕ ਬੇਰੁਖੀ ’ਤੇ ਜਤਾਈ ਨਰਾਜਗੀ
ਬਠਿੰਡਾ, 2 ਅਪ੍ਰੈਲ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਹੋਰਨਾਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਲੋੜਵੰਦ ਪਰਿਵਾਰਾਂ ਤੱਕ ਲੰਗਰ ਤੇ ਸੁੱਕਾ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਤਹਿਤ ਪਿਛਲੇ ਕਈ ਦਿਨਾਂ ਤੋਂ ਸੁਰੂ ਕੀਤੀ ਮੁਹਿੰਮ ਲਗਾਤਾਰ ਵੱਧ ਰਹੀ ਹੈ। ਕਿਸਾਨ ਆਗੂ ਸਿੰਗਾਰਾ ਸਿੰਘ ਮਾਨ ਅਤੇ ਮਜਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੀ ਉੜੀਆ ਬਸਤੀ ਦੇ ਸੈਂਕੜੇ ਪਰਿਵਾਰਾਂ ਨੂੰ ਪਿੰਡ ਬਹਿਮਣ ਦੀਵਾਨਾ ਦੇ ਕਿਸਾਨਾਂ ਵੱਲੋਂ ਲੰਗਰ ਭੇਜਿਆ ਜਾ ਰਿਹਾ ਹੈ ਇਸੇ ਤਰਾਂ ਰਾਮਨਗਰ ਤੇ ਮਾਈਸਰਖਾਨਾ ’ਚ ਹੋਰਨਾਂ ਸੰਸਥਾਵਾਂ ਨਾਲ ਮਿਲ ਕੇ ਕਈ ਦਿਨਾਂ ਤੋਂ ਲੋੜਵੰਦਾਂ ਨੂੰ ਲੰਗਰ ਛਕਾਉਣ ਦੀ ਮੁਹਿੰਮ ਅੱਜ ਵੀ ਜਾਰੀ ਰਹੀ। ਇਸ ਤੋਂ ਇਲਾਵਾ ਜਿਲੇ ਦੇ ਪਿੰਡ ਭੂੰਦੜ,ਚਾਉਕੇ,ਜੇਠੂ ਕੇ,ਕੋਠਾਗੁਰੂ ਅਤੇ ਜਿਊਂਦ ’ਚ ਵੀ ਅੱਜ ਲੰਗਰ ਵਰਤਾਇਆ ਤੇ ਸੁੱਕਾ ਰਾਸ਼ਨ ਵੰਡਿਆ ਗਿਆ।
ਪਿੰਡ ਜੀਦਾ ’ਚ ਕਿਸਾਨ ਮਜਦੂਰ ਜੱਥੇਬੰਦੀਆਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਲਾਇਬਰੇਰੀ ,ਗੁਰੂਦੁਆਰਾ ਕਮੇਟੀ ਸਮੇਤ ਪਿੰਡ ਦੀਆਂ ਹੋਰਨਾਂ ਸੰਸਥਾਵਾਂ ਰਲ ਕੇ ਲੰਗਰ ਦਾ ਉੱਦਮ ਜੁਟਾ ਰਹੀਆਂ ਹਨ। ਕਿਸਾਨ ਮਜਦੂਰ ਆਗੂਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਪੀੜਤ ਲੋਕਾਂ ਪ੍ਰਤੀ ਬੇਰੁੱਖੀ ਤੇ ਹੈਂਕੜ ਭਰੇ ਵਤੀਰੇ ’ਤੇ ਸਖਤ ਨਰਾਜਗੀ ਜਾਹਰ ਕਰਦਿਆਂ ਆਖਿਆ ਕਿ ਸਰਕਾਰ ਤੇ ਪ੍ਰਸਾਸ਼ਨ ਸਿਰਫ ਕਰਫਿਊ ਲਾ ਕੇ ਸਖਤੀ ਵਰਤਣ ਅਤੇ ਮੀਟਿੰਗਾਂ ਦੇ ਵਿੱਚ ਸਮਾਂ ਗੁਜਾਰ ਕੇ ਆਪਣੀ ਜਿੰਮੇਵਾਰੀ ਤੋਂ ਟਾਲਾ ਵੱਟ ਰਿਹਾ ਹੈ। ਉਨਾਂ ਆਖਿਆ ਕਿ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਬਿਨਾਂ ਤਿਆਰੀ ਤੋਂ ਹੀ ਲਾਕਡਾਊਨ ਤੇ ਕਰਫਿਊ ਮੜ ਕੇ ਲੋਕਾਂ ਨੂੰ ਅਥਾਹ ਮੁਸ਼ਕਲਾਂ ’ਚ ਪਾ ਦਿੱਤਾ ਹੈ ਜਦੋਂ ਕਿ ਵਿਦੇਸ਼ਾਂ ’ਚ ਫੈਲੀ ਇਸ ਬਿਮਾਰੀ ਦੀ ਜਾਣਕਾਰੀ ਦਸਬੰਰ 2019 ਤੋਂ ਮਿਲਣੀ ਸ਼ੁਰੂ ਹੋ ਗਈ ਸੀ।
ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਵਤੀਰੇ ’ਤੇ ਚਿੰਤਾ ਜਾਹਰ ਕਰਦਿਆਂ ਆਖਿਆ ਕਿ ਰੋਜਾਨਾ ਕਮਾ ਕੇ ਖਾਣ ਵਾਲਿਆਂ ਅਤੇ ਪ੍ਰਵਾਸੀ ਮਜਦੂਰਾਂ ਪ੍ਰਤੀ ਸਰਕਾਰਾਂ ਕੋਈ ਬਣਦੀ ਭੂਮਿਕਾ ਨਿਭਾਉਣ ’ਚ ਪੂਰੀ ਤਰਾਂ ਨਾਕਾਮ ਸਿੱਧ ਹੋਈਆਂ ਹਨ ਇਸੇ ਕਾਰਨ ਪ੍ਰਵਾਸੀ ਮਜਦੂਰ ਸੈਂਕੜੇ ਕਿਲੋਮੀਟਰ ਦਾ ਪੈਂਡਾ ਤੁਰ ਕੇ ਮੁਕਾਉਣ ਲਈ ਮਜਬੂਰ ਹੋ ਰਹੇ ਹਨ ਅਤੇ ਕਈ ਭੁੱਖ ,ਬਿਮਾਰੀਆਂ ਅਤੇ ਐਕਸੀਡੈਂਟਾਂ ਦੀ ਭੇਂਟ ਚੜ ਗਏ ਹਨ। ਇਨਾਂ ਆਗੂਆਂ ਨੇ ਯੂ.ਪੀ. ਸਰਕਾਰ ਵੱਲੋਂ ਮਜਦੂਰਾਂ ’ਤੇ ਸਪਰੇਅ ਕਰਨ ਵਾਲੇ ਕਦਮ ਨੂੰ ਹਕੂਮਤ ਦਾ ਅਣਮਨੁੱਖੀ ਕਾਰਾ ਕਰਾਰ ਦਿੰਦਿਆਂ ਇਸ ਵਤੀਰੇ ਦੀ ਸਖਤ ਨਿਖੇਧੀ ਕੀਤੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਭਨਾਂ ਲੋੜਵੰਦਾਂ ਤੱਕ ਦੁੱਧ,ਰਾਸ਼ਨ ਤੇ ਹੋਰ ਸਮਾਨ ਪੂਰੀ ਮਾਤਰਾ ’ਚ ਬਿਨਾਂ ਕਿਸੇ ਵਿਤਕਰੇ ਪਹੁੰਚਦਾ ਕੀਤਾ ਜਾਵੇ ਅਤੇ ਕੋਰੋਨਾ ਸਮੇਤ ਹੋਰਨਾਂ ਬਿਮਾਰੀਆਂ ਦੇ ਇਲਾਜ ਲਈ ਵੱਡੇ ਕਦਮ ਚੁੱਕੇ ਜਾਣ। ਇਨਾਂ ਖਰਚਿਆਂ ਦੀ ਪੂਰਤੀ ਲਈ ਵੱਡੇ ਸਰਮਾਏਦਾਰਾਂ ਤੇ ਵੱਡੇ ਭੌਂ ਮਾਲਕਾਂ ’ਤੇ ਭਾਰੀ ਟੈਕਸ ਲਾ ਕੇ ਬਜਟ ਦੀ ਪੂਰਤੀ ਕੀਤੀ ਜਾਵੇ। ਉਨਾਂ ਸਰਕਾਰੀ ਅਣਦੇਖੀ ’ਤੇ ਚੱਲਦਿਆਂ ਹੋਰਨਾਂ ਜੱਥੇਬੰਦੀਆਂ ਤੇ ਸੰਸਥਾਵਾਂ ਨੂੰ ਇਸ ਔਖ ਦੀ ਘੜੀ ’ਚ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ।