ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਦੇ ਹੋਏ ਸਬ ਇੰਸਪੈਕਟਰ ਪ੍ਰਿਆਂਸ਼ੂ ਸਿੰਘ ਆਪਣੀ ਟੀਮ ਨਾਲ
ਦੀਦਾਰ ਗੁਰਨਾ/ਜਸਪਾਲ ਨਿੱਝਰ
ਪਟਿਆਲਾ, 3 ਅਪ੍ਰੈਲ 2020 : ਸਦੀਆਂ ਤੋਂ ਔਰਤ, ਮਰਦ ਪ੍ਰਧਾਨ ਸਮਾਜ ਦੀ ਵਹਿਸ਼ਤ ਦਾ ਸ਼ਿਕਾਰ ਹੁੰਦੀ ਆ ਰਹੀ ਹੈ। 2020 ਦੇ ਵਿੱਚ ਵੀ ਸਮਾਜ ਦਾ ਇੱਕ ਹਿੱਸਾ ਔਰਤ ਪ੍ਰਤੀ ਅਸੱਭਿਅਕ ਸੋਚ ਹੀ ਰੱਖਦਾ ਹੈ। ਇਸ ਦੇ ਬਾਵਜੂਦ ਵੀ ਔਰਤ ਸੰਸਾਰ ਨੂੰ ਸੋਹਣਾ ਬਣਾਉਣ ਅਤੇ ਮੁਸੀਬਤ ਵੇਲ਼ੇ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹਟਦੀ।
ਸੰਸਾਰ ਦੀ ਨੀਂਦ ਹਰਾਮ ਕਰਨ ਵਾਲ਼ੇ "ਕਰੋਨਾ ਵਾਇਰਸ" ਤੋਂ ਬਚਾਉਣ ਲਈ ਸੰਸਾਰ ਭਰ ਵਿੱਚ ਅਨੇਕਾਂ ਲੇਡੀ ਡਾਕਟਰ ਅਤੇ ਨਰਸਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਲੋਕਾਂ ਦਾ ਇਲਾਜ ਕਰ ਰਹੇ ਹਨ ਉੱਥੇ ਹੀ ਪੰਜਾਬ ਪੁਲਿਸ ਦੀਆਂ ਲੇਡੀ ਅਫ਼ਸਰ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਾਲ਼ ਨਾਲ਼ ਕਰਫ਼ਿਊ ਕਾਰਨ ਘਰਾਂ ਅੰਦਰ ਡੱਕੇ ਮਜ਼ਦੂਰ ਅਤੇ ਗ਼ਰੀਬ ਲੋਕਾਂ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾ ਕੇ ਸਹਾਇਤਾ ਕਰ ਰਹੀਆਂ ਹਨ।
ਅਜਿਹੀ ਹੀ ਇੱਕ ਬਹਾਦਰ ਪੁਲਿਸ ਅਫ਼ਸਰ ਪ੍ਰਿਆਂਸ਼ੂ ਸਿੰਘ ਜੋ ਕਿ ਅਫ਼ਸਰ ਕਾਲੋਨੀ ਪਟਿਆਲਾ ਵਿਖੇ ਬਤੌਰ ਚੌਂਕੀ ਇੰਚਾਰਜ ਸੇਵਾ ਨਿਭਾਅ ਰਹੇ ਹਨ। ਬਾਬੂਸ਼ਾਹੀ ਦੇ ਪੱਤਰਕਾਰ ਨੇ ਪ੍ਰਿਆੰਸ਼ੂ ਸਿੰਘ ਨਾਲ਼ ਫ਼ੋਨ ਤੇ ਗੱਲਬਾਤ ਕਰਕੇ ਕੇ ਪੁੱਛਿਆ ਕਿ ਸਮਾਜ ਦੇ ਇੱਕ ਹਿੱਸੇ ਵੱਲੋਂ ਆਧੁਨਿਕ ਯੁੱਗ ਵਿੱਚ ਵੀ ਔਰਤਾਂ ਪ੍ਰਤੀ ਮਾੜੀ ਸੋਚ ਰੱਖੀ ਜਾਂਦੀ ਹੈ ਤਾਂ ਜਵਾਬ ਵਿੱਚ ਪ੍ਰਿਆਂਸ਼ੂ ਸਿੰਘ ਨੇ ਕਿਹਾ ਕਿ "ਇਹ ਸਮਾਜ ਦਾ ਮਾੜਾ ਪੱਖ ਹੋ ਸਕਦਾ ਹੈ, ਪਰ ਫਿਰ ਵੀ ਜੇਕਰ ਇੱਕ ਲੜਕੀ ਕੁੱਝ ਕਰ ਸਕਣ ਦਾ ਮਨ ਬਣਾ ਲਵੇ ਤਾਂ ਉਸ ਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ, ਅਤੇ "ਕਰੋਨਾ' ਨਾਲ਼ ਭੈਭੀਤ ਹੋਏ ਲੋਕਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਇਸ ਮੁਸੀਬਤ ਦੀ ਘੜੀ ਵਿੱਚ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ"।
ਪ੍ਰਿਆਂਸ਼ੂ ਸਿੰਘ ਨੇ ਇਹ ਵੀ ਦੱਸਿਆ ਕਿ ਕਰਫ਼ਿਊ ਲੱਗਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਮਿਲ਼ ਕੇ ਆਪਣੀ ਤਨਖ਼ਾਹ ਵਿੱਚੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣਾ ਸ਼ੁਰੂ ਕਰ ਦਿੱਤਾ ਸੀ। ਬਾਬੂਸ਼ਾਹੀ ਦੀ ਜਾਣਕਾਰੀ ਮੁਤਾਬਿਕ ਪ੍ਰਿਆੰਸ਼ੂ ਸਿੰਘ ਕਰਫ਼ਿਊ ਤੋਂ ਪਹਿਲਾਂ ਆਮ ਦਿਨਾਂ ਵਿੱਚ ਆਪਣੇ ਏਰੀਆ ਵਿੱਚ ਸੋਸ਼ਲ ਵਰਕ ਲਈ ਜਾਣੇ ਜਾਂਦੇ ਹਨ।
ਪ੍ਰਿਆਂਸ਼ੂ ਸਿੰਘ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਪਟਿਆਲਾ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਬਹੁਤ ਹੀ ਸਖ਼ਤ ਅਫ਼ਸਰ ਵਜੋਂ ਜਾਣੇ ਜਾਂਦੇ ਹਨ ਤਾਂ ਜਵਾਬ ਵਿੱਚ ਉਨ੍ਹਾਂ ਕਿਹਾ ਕਿ "ਸਰ (ਐੱਸ.ਐੱਸ.ਪੀ ਮਨਦੀਪ ਸਿੱਧੂ ) ਸਖ਼ਤ ਨਹੀਂ ਹਨ, ਉਨ੍ਹਾਂ ਦਾ ਸੁਭਾਅ ਹਮੇਸ਼ਾ ਹੀ ਸਭ ਨੂੰ ਪ੍ਰੇਰਿਤ ਕਰਨ ਵਾਲ਼ਾ ਹੈ, ਕਈ ਵਾਰ ਗ਼ਲਤੀ ਤੋ ਜਾਣ ਤੇ ਵੀ ਉਹ ਨਰਾਜ਼ ਨਹੀਂ ਹੁੰਦੇ ਸਗੋਂ ਕੰਮ ਕਰਨ ਦੇ ਸੌਖੇ ਰਾਹ ਦੱਸ ਕੇ ਪ੍ਰੇਰਿਤ ਕਰਦੇ ਹਨ"। ਪ੍ਰਿਆਂਸ਼ੂ ਸਿੰਘ ਦਾ ਕਹਿਣਾ ਹੈ ਕਿ "ਉਹ ਕਿਸਮਤ ਵਾਲ਼ੀ ਹੈ ਕਿ ਉਹ "ਸਰ" ( ਮਨਦੀਪ ਸਿੰਘ ਸਿੱਧੂ ) ਦੇ ਅਧੀਨ ਕੰਮ ਕਰ ਰਹੀ ਹੈ ਕਿਉਂਕਿ ਅਜਿਹੇ ਤਜਰਬੇਕਾਰ ਅਫ਼ਸਰ ਦੇ ਅਧੀਨ ਕੰਮ ਕਰਨ ਨਾਲ਼ ਥੋੜ੍ਹੇ ਸਮੇਂ ਵਿੱਚ ਬਹੁਤ ਕੁੱਝ ਸਿੱਖਣ ਨੂੰ ਮਿਲ਼ ਜਾਂਦਾ ਹੈ"।
ਖ਼ੈਰ ਪ੍ਰਿਆਂਸ਼ੂ ਦੇ ਇਹ ਸ਼ਬਦ ਕਿ "ਜਦੋਂ ਕੋਈ ਲੜਕੀ ਕੁੱਝ ਵੱਡਾ ਕਰਨ ਦਾ ਮਨ ਬਣਾ ਲਵੇ ਤਾਂ ਦੁਨੀਆ ਦੀ ਕੋਈ ਤਾਕਤ ਉਸ ਨੂੰ ਰੋਕ ਨਹੀਂ ਸਕਦੀ" ਇਹ ਬੋਲ ਉਨ੍ਹਾਂ ਹਜ਼ਾਰਾਂ ਲੜਕੀਆਂ ਲਈ ਹੌਂਸਲਾ ਅਫਜ਼ਾਈ ਵਾਲੇ ਹੋ ਸਕਦੇ ਹਨ ਜੋ ਮਾੜੇ ਹਲਾਤਾਂ ਦੇ ਸਾਹਮਣੇ ਆਤਮ-ਸਮਰਪਣ ਕਰਕੇ ਕਿਸਮਤ ਨੂੰ ਤਾਹਨੇ ਮਿਹਣੇ ਮਾਰਦੀਆਂ ਹਨ। ਪ੍ਰਿਆਂਸ਼ੂ ਦੇ ਵਿੱਚ ਇੱਕ ਹੋਰ ਚੰਗਾ ਗੁਣ ਇਹ ਵੀ ਹੈ ਕਿ ਉਹ ਸਮਾਜ ਦਾ ਮਾੜਾ ਪੱਖ ਦੇਖ ਕੇ ਉਸ ਲਈ ਵਿਅਰਥ ਦੀ ਚਿੰਤਾ ਵਿਅਕਤ ਕਰਕੇ ਵਖਤ ਜ਼ਾਇਆ ਕਰਨ ਦੀ ਬਜਾਏ ਸਮਾਜ ਲਈ ਉਸਾਰੂ ਉਪਰਾਲੇ ਕਰ ਕੇ ਇਸ ਨੂੰ ਸੋਹਣਾ ਬਣਾਉਣ ਨੂੰ ਤਰਜ਼ੀਹ ਦੇਣ ਨੂੰ ਸਿਆਣਪ ਸਮਝਦੀ ਹੈ।