ਜਗਦੀਸ਼ ਥਿੰਦ
ਫਾਜ਼ਿਲਕਾ, 3 ਅਪਰੈਲ:
ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ੍ਹ ਦੀਆਂ ਸਹਿਕਾਰੀ ਸਭਾਵਾਂ ਤੱਕ ਡੀ.ਏ.ਪੀ. ਅਤੇ ਯੂਰੀਆ ਦੀ ਸੁਚਾਰੂ ਵੰਡ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਰਜਿਸਟਰਾਰ ਇਸ ਕਮੇਟੀ ਦੇ ਚੇਅਰਮੈਨ ਹੋਣਗੇ ਜਦਕਿ ਜ਼ਿਲ੍ਹਾ ਮੈਨੇਜਰ ਮਾਰਕਫੈਡ, ਜ਼ਿਲ੍ਹਾ ਮੈਨੇਜਰ ਇਫਕੋ, ਸਬੰਧਤ ਖੇਤੀਬਾੜੀ ਅਫ਼ਸਰ, ਸਬੰਧਤ ਬੀ.ਡੀ.ਪੀ.ਓ. ਆਦਿ ਮੈਂਬਰ ਹੋਣਗੇ। ਇਹ ਕਮੇਟੀ ਯਕੀਨੀ ਬਣਾਏਗੀ ਕਿ ਜਦੋਂ ਵੀ ਜ਼ਿਲੇ੍ਹ ਵਿੱਚ ਯੁਰੀਆ ਅਤੇ ਡੀ.ਏ.ਪੀ. ਖਾਦ ਦਾ ਰੈਕ ਲੱਗੇਗਾ, ਉਸ ਨੂੰ ਰੇਲਵੇ ਪਲੇਟਫਾਰਮ ਤੋਂ ਸੁਸਾਇਟੀਆਂ ਤੱਕ ਸੁਚਾਰੂ ਤਰੀਕੇ ਨਾਲ ਪਹੰੁਚਾ ਦਿੱਤਾ ਜਾਵੇ ਅਤੇ ਇਹ ਸਾਰੀ ਪ੍ਰਕਿਰਿਆ ਕਰਦੇ ਸਮੇਂ ਸੋਸ਼ਲ ਡਿਸਟੈਂਸਿੰਗ ਨੂੰ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਅਗਲੀ ਫਸਲ ਲਈ ਸਰਕਾਰ ਵੱਲੋਂ ਲੋੜ ਅਨੁਸਾਰ ਖਾਦਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਸੂਬੇ ’ਚ ਅਗਲੀ ਫਸਲ ਲਈ ਖਾਦਾਂ ਦੀ ਸਪਲਾਈ ਦੀ ਦਿੱਤੀ ਪ੍ਰਵਾਨਗੀ ਦੇ ਸੰਦਰਭ ’ਚ ਜ਼ਿਲ੍ਹੇ ਕਮੇਟੀ ਬਣਾ ਕੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਖਾਦਾਂ ਦੀ ਵੰਡ ਲਈ ਸਬੰਧਤ ਬੀ.ਡੀ.ਪੀ.ਓ. ਮਗਨਰੇਗਾ ਸਕੀਮ ਤਹਿਤ ਲੇਬਰ ਆਦਿ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੋਣਗੇੇ। ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓਜ. ਨੂੰ ਡਿਪਟੀ ਰਜਿਸਟਰਾਰ, ਕੋਆਪ੍ਰੇਟਿਵ ਸੁਸਾਇਟੀਜ਼ ਨਾਲ ਰਾਬਤਾ ਰੱਖਣ ਅਤੇ ਮਗਨਰੇਗਾ ਵਰਕਰਜ਼ ਰਾਹੀਂ ਸਪਲਾਈ ਲਈ ਜ਼ਿੰਮੇਵਾਰ ਹੋਣਗੇ। ਸਮੂਹ ਬੀ.ਡੀ.ਪੀ.ਓਜ. ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਮਕਸਦ ਲਈ ਮਗਨਰੇਗਾ ਵਰਕਰਜ਼ ਨਾਲ ਤਾਲਮੇਲ ਕਰਨਾ ਯਕੀਨੀ ਬਣਾਉਣਗੇ।