ਜਗਦੀਸ਼ ਥਿੰਦ
ਫਾਜ਼ਿਲਕਾ 04 ਅਪਰੈਲ ; ਬੱਚਿਆਂ , ਬਿਰਧ ਮਾਪਿਆਂ , ਘਰ ਤੋਂ ਦੂਰ ਡਿਊਟੀ ਦਾ ਦਰਦ ਸੀ ਜਾਂ ਫਿਰ ਵਿਭਾਗ ਅਤੇ ਜਿਲ੍ਹਾ ਪੱਧਰ ਦੇ ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਦਾ ਅਸਰ , ਅੱਜ ਲੋਕ ਸੰਪਰਕ ਵਿਭਾਗ ਦਾ ਜਿਲ੍ਹਾ ਪੱਧਰ ਦਾ ਅਧਿਕਾਰੀ ਅਪਨੇ ਅਹੁਦੇ ਤੋਂ ਅਸਤੀਫਾ ਦੇ ਗਿਆ ।
ਅਸਿਸਟੈਂਟ ਪਬਲਿਕ ਰਿਲੇਸ਼ਨ ਅਫੀਸਰ ਫਾਜ਼ਿਲਕਾ ਰਾਜ ਕੁਮਾਰ ਵੱਲੋਂ ਡਰਾਇਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵੱਲ ਭੇਜੇ ਆਪਣੇ ਅਸਤੀਫ਼ੇ ਵਿਚ ਲਿਖਿਆ ਗਿਆ ਹੈ ਕਿ 5 ਮਾਰਚ 2020 ਤੋਂ ਉਸਨੇ ਆਪਣੇ ਛੋਟੇ ਬੱਚਿਆਂ , ਬਿਮਾਰ ਮਾਤਾ ਪਿਤਾ ਅਤੇ ਪਤਨੀ ਨੂੰ ਦੇਖਿਆ ਤੱਕ ਨਹੀਂ ।
ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਮੈਨੂੰ ਸਪਸ਼ਟ ਸ਼ਬਦਾਂ ਚ ਫਾਜ਼ਿਲਕਾ ਤੋਂ ਬਿਲਕੁੱਲ ਵੀ ਨਾ ਜਾਣ ਦੇ ਹੁਕਮ ਦਿੱਤੇ ਹੋਏ ਹਨ ।
ਅਸਤੀਫਾ ਦੇਣ ਵਾਲੇ ਏ ਪੀ ਆਰ ਓ ਰਾਜ ਕੁਮਾਰ ਲਿਖਦੇ ਹਨ ਕਿ ਮੇਰੇ ਘਰ ਵਿੱਚ ਮੇਰੀਆਂ ਦੋ ਜੁੜਵਾਂ ਬੇਟੀਆਂ ਅਤੇ ਮਾਤਾ ਜੀ ਕਰੋਨਿਕ ਬਿਮਾਰੀ ਤੋਂ ਪੀੜਤ ਹਨ ।
ਉਨ੍ਹਾਂ ਦੇ ਪਿਤਾ ਜੀ ਸ਼ੂਗਰ ਦੀ ਸਮੱਸਿਆ ਦੇ ਸ਼ਿਕਾਰ ਹਨ ।
ਅਸਤੀਫੇ ਵਿੱਚ ਰਾਜ ਕੁਮਾਰ ਲਿਖਦੇ ਹਨ ਕਿ ਮੇਰੀਆਂ ਤਿੰਨ ਬੇਟੀਆਂ ਅਤੇ ਛੋਟਾ 6 ਸਾਲ ਦਾ ਪੁੱਤਰ , ਮੇਰੀ ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਕਰਨ ਵਾਲਾ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਹੈ ।
ਉਹ ਲਿਖਦੇ ਹਨ ਕਿ ਮੈਂ ਮਾਨਸਿਕ ਤੌਰ ਤੇ ਹਾਰ ਚੁੱਕਿਆ ਹਾਂ ਕੰਮ ਦਾ ਪ੍ਰੈਸ਼ਰ ਬਹੁਤ ਹੈ ।
ਫਾਜ਼ਿਲਕਾ ਵਿਖੇ ਲੋਕ ਸੰਪਰਕ ਵਿਭਾਗ ਕੋਲ ਸਰਕਾਰੀ ਗੱਡੀ ਨਹੀਂ ਹੈ ।
ਬੀਤੇ ਦਿਨੀਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੀ ਮੀਡੀਆ ਕਵਰੇਜ ਕਰਨ ਲਈ ਆਪਣੇ ਖ਼ਰਚੇ ਵਿੱਚੋਂ ਟੈਕਸੀ ਕਰਵਾ ਕੇ 2000 ਰੁਪਏ ਦਿੱਤੇ ਹਨ ।
ਦਿੱਤੇ ਗਏ ਰਿਜ਼ਾਈਨ ਵਿੱਚ ਲਿਖਦੇ ਹਨ ਜਦੋਂ ਤੋਂ ਬਲੇੈਕ ਡਾਊਨ ਦੀ ਸਮੱਸਿਆ ਆਈ ਹੈ ਮੈਂ ਰੋਟੀ ਤੋਂ ਵੀ ਤੰਗ ਹੋ ਗਿਆ ਹਾਂ ।
ਦੁੱਧ ਜਾਂ ਫਰੂਟ ਖਾ ਕੇ ਗੁਜ਼ਾਰਾ ਕਰ ਰਿਹਾ ਹਾਂ ।
ਲੋਕ ਸੰਪਰਕ ਵਿਭਾਗ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੇ ਰਵੱਈਏ ਸਬੰਧੀ ਉਹਨਾਂ ਲਿਖਿਆ ਹੈ ਕਿ ਉਹ ਆਪਣੇ ਸਾਰੇ ਸੀਨੀਅਰਜ਼ ਨੂੰ ਮੋਬਾਈਲ ਤੇ ਵੀ ਇਸ ਸਬੰਧੀ ਦੱਸ ਚੁੱਕੇ ਹਨ , ਪ੍ਰੰਤੂ ਉਨ੍ਹਾਂ ਦੀ ਸਮੱਸਿਆ ਗੰਭੀਰ ਹੈ ।
ਫਿਰ ਵੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੋਈ ਵੀ ਸ਼ਿਕਵਾ ਸ਼ਿਕਾਇਤ ਨਹੀਂ ਹੈ ।
ਏ ਪੀ ਆਰ ਓ ਰਾਜ ਕੁਮਾਰ ਨੇ ਲੋਕ ਸੰਪਰਕ ਵਿਭਾਗ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਨੌਕਰੀ ਤੋਂ ਤੱਤਕਾਲ ਫਾਰਗ ਕੀਤਾ ਜਾਵੇ ਤਾਂ ਜੋ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਦੇਖਦਿਆਂ ਜ਼ਿੰਦਗੀ ਜੀ ਸਕੇ ।
ਇਸ ਸਬੰਧੀ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਅਧਿਕਾਰੀ ਰਾਜ ਕੁਮਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਨੂੰ ਚਾਹੇ ਪੌਣੀ ਸਦੀ ਦਾ ਅਰਸ ਗੁਜ਼ਰ ਚੁੱਕਿਆ ਹੈ ਪਰ ਅੱਜ ਵੀ ਮਜ਼ਬੂਰੀਆਂ ਨੂੰ ਨਾ ਦੇਖਦੇ ਹੋਏ ਗੁਲਾਮਾਂ ਵਾਲਾ ਵਰਤਾਓ ਕੀਤਾ ਜਾ ਰਿਹਾ ਹੈ ।
ਇਸ ਸਬੰਧੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ ਨਾਲ ਫੋਨ ਤੇ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਸਾਰੇ ਅਧਿਕਾਰੀਆਂ ਵਾਂਗ ਵੀਕਲੀ ਛੁੱਟੀਆ ਤੇ ਜਾਂਦੇ ਰਹੇ ਹਨ ।
ਹੁਣ ਕਰਫਿਊ ਦੇ ਹਲਾਤਾਂ ਵਿੱਚ ਪੰਜਾਬ ਸਰਕਾਰ ਦੇ ਨਿਯਮਾਂ ਅਧੀਨ ਇਸ ਵਿਭਾਗ ਨੂੰ ਵੀ ਦੂਸਰੇ ਵਿਭਾਗਾਂ ਦੇ ਮੁਖੀਆਂ ਵਾਂਗ ਹੀ ਸਵੇਰੇ - ਸ਼ਾਮ ਹੁੰਦਿਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਅੱਤੇ ਨਵਲ ਕਰੋਨਾ ਵਾਇਰਸ ਸਬੰਧੀ ਜਨਤਾ ਨੂੰ ਜਾਣੂ ਕਰਵਾਉਣ ਲਈ ਕਿਹਾ ਗਿਆ ਹੈ ।
ਉਨ੍ਹਾਂ ਕਿਹਾ ਕਿ ਅਸਤੀਫਾ ਦੇਣ ਵਾਲੇ ਅਧਿਕਾਰੀ ਨੂੰ ਅੱਜ ਬੁਲਾਇਆ ਸੀ ਪਰ ਉਸ ਵੱਲੋਂ ਕੱਲ੍ਹ ਨੂੰ ਮਿਲਣ ਦੀ ਗੱਲ ਕਹੀ ਗਈ ਹੈ ।
ਉਹਨਾਂ ਕਿਹਾ ਕਿ ਇਹਨਾਂ ਦਿਨਾਂ ਵਿੱਚ ਵੀ ਲੋਕ ਸੰਪਰਕ ਵਿਭਾਗ ਉਹਨਾਂ ਨੂੰ ਛੁੱਟੀ ਦਿੰਦਾ ਹੈ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ।