ਸੰਜੀਵ ਸੂਦ
ਲੁਧਿਆਣਾ, 04 ਅਪ੍ਰੈਲ 2020 - ਲੁਧਿਆਣਾ ਦੇ ਸਮਰਾਲਾ ਚੌਕ ਸਥਿਤ ਗੁਰੂ ਅਰਜਨ ਦੇਵ ਨਗਰ ਗਲੀ ਨੰਬਰ 4 ਦੇ ਵਿੱਚ ਬੀਤੇ ਸ਼ਨੀਵਾਰ ਨੂੰ ਦੇਰ ਸ਼ਾਮ ਇੱਕ ਘਰ 'ਚ ਸਿਲੰਡਰ ਫੱਟਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ। ਜਿਸ ਵਿੱਚ ਪਤੀ ਪਤਨੀ ਬੁਰੀ ਤਰ੍ਹਾਂ ਝੁਲਸ ਗਏ। ਜਿਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ, ਹਾਲਾਂਕਿ ਗੁਆਂਢੀਆਂ ਨੇ ਬਹਾਦਰੀ ਵਿਖਾਉਂਦਿਆਂ ਘਰ 'ਚ ਮੌਜੂਦ ਤਿੰਨ ਬੱਚਿਆਂ ਨੂੰ ਜ਼ਰੂਰ ਬਾਹਰ ਕੱਢ ਲਿਆ ਜੋ ਮੌਤ ਦੇ ਮੂੰਹ 'ਚ ਜਾਂਦੇ-ਜਾਂਦੇ ਵਾਲ-ਵਾਲ ਬਚ ਗਏ। ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਨੇ ਜਦੋਂ ਕਿ ਇਲਾਕੇ ਦੇ ਲੋਕਾਂ ਨੇ ਤੁਰੰਤ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਇਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ 'ਤੇ ਪਹੁੰਚ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੈਂਬਰਾਂ ਅਤੇ ਗੁਆਂਢੀਆਂ ਨੇ ਦੱਸਿਆ ਕਿ ਘਰ ਦੇ ਵਿੱਚ ਪਰਵਾਸੀ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਇੱਥੇ ਰਹਿ ਰਿਹਾ ਸੀ ਅਤੇ ਅੱਜ ਦੇਰ ਸ਼ਾਮ ਜਦੋਂ ਅਚਾਨਕ ਘਰ 'ਚੋਂ ਆਵਾਜ਼ਾਂ ਆਉਣ ਲੱਗੀਆਂ ਤਾਂ ਵੇਖਿਆ ਕਿ ਸਿਲੰਡਰ ਫਟਣ ਕਰਕੇ ਪੂਰੇ ਘਰ 'ਚ ਅੱਗ ਲੱਗ ਗਈ। ਜਿਸ ਤੋਂ ਬਾਅਦ ਗੁਆਂਢੀਆਂ ਨੇ ਬਹਾਦਰੀ ਵਿਖਾਉਂਦਿਆਂ ਪਰਿਵਾਰ ਦੇ ਬੱਚਿਆਂ ਨੂੰ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਪਰ ਇਸ ਦੌਰਾਨ ਪਤੀ ਪਤਨੀ ਜ਼ਰੂਰ ਝੁਲਸ ਗਏ। ਗੁਆਂਢੀਆਂ ਨੇ ਦੱਸਿਆ ਕਿ ਕੁਝ ਦੇਰ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਅਤੇ ਪੂਰੀ ਤਰ੍ਹਾਂ ਅੱਗ ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਜਿਸ ਸਿਲੰਡਰ ਨਾਲ ਅੱਗ ਲੱਗੀ ਸੀ ਉਸ ਨੂੰ ਵੀ ਬਾਹਰ ਕੱਢਿਆ ਲਿਆ ਗਿਆ ਹੈ।