ਹਰਦਮ ਮਾਨ
ਸਰੀ, 8 ਅਪ੍ਰੈਲ 2020 - ਕੋਰੋਨਾ ਵਾਇਰਸ ਬਿਮਾਰੀ ਕਾਰਨ ਕੈਲਗਰੀ ਦੇ ਸਕੂਲਾਂ ਨੂੰ ਬੰਦ ਰੱਖਣ ਦੇ ਐਲਾਨ ਤੋਂ ਬਾਅਦ ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ ਨੇ ਸਕੂਲੀ ਬੱਚਿਆਂ ਲਈ ਚਿੱਤਰਕਲਾ ਮੁਕਾਬਲੇ ਕਰਾਉਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਪਹਿਲੀ ਤੋਂ ਦਸਵੀਂ ਜਮਾਤ ਦੇ ਬੱਚੇ ਇਸ ਮੁਕਾਬਲੇ ਲਈ ਘਰ ਬੈਠੇ ਹੀ ਆਪਣੇ ਮਨਭਾਉਂਦੇ ਵਿਸ਼ੇ ਤੇ ਚਿੱਤਰ ਬਣਾ ਸਕਦੇ ਹਨ।
ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਯੰਗਸਿਤਾਨ ਦੇ ਕੋਆਰਡੀਨੇਟਰ ਸੁਖਵੀਰ ਗਰੇਵਾਲ ਨੇ ਦੱਸਿਆ ਕਿ ਕਰੋਨਾਵਾਇਰਸ ਕਾਰਨ ਬੱਚੇ ਇਸ ਸਮੇਂ ਘਰਾਂ ਵਿਚ ਹੀ ਹਨ। ਬੇਸ਼ੱਕ ਅਧਿਆਪਕਾਂ ਵਲੋਂ ਬੱਚਿਆਂ ਨੂੰ ਘਰੋਂ ਪੜ੍ਹਾਉਣ ਲਈ ਕੁਝ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਪਰ ਫਿਰ ਵੀ ਕਈ ਬੱਚੇ ਘਰਾਂ ਵਿਚ ਬੋਰੀਅਤ ਮਹਿਸੂਸ ਕਰ ਰਹੇ ਹਨ। ਅਜਿਹੇ ਮਾਹੌਲ ਵਿਚਲੀ ਬੋਰੀਅਤ ਤੋੜਣ ਲਈ ਕੀਤੇ ਜਾ ਰਹੇ ਇਸ ਮੁਕਾਬਲੇ ਵਿਚ ਪਹਿਲੀ ਤੋਂ ਦਸਵੀਂ ਜਮਾਤ ਦੇ ਬੱਚਿਆਂ ਦੇ ਪੰਜ ਵਰਗ ਬਣਾਏ ਗਏ ਹਨ। ਭਾਗ ਲੈਣ ਦੇ ਚਾਹਵਾਨ ਬੱਚੇ ਆਪਣੇ ਘਰ ਬੈਠ ਕੇ ਹੀ ਪੋਸਟਰ ਤਿਆਰ ਕਰਨਗੇ ਅਤੇ ਆਪਣੇ ਤਿਆਰ ਕੀਤੇ ਪੋਸਟਰ ਦੀ ਤਸਵੀਰ 26 ਅਪਰੈਲ ਤੱਕ ਵਟਸਅਪ ਰਾਹੀਂ 403-402-0770 ‘ਤੇ ਭੇਜਣਗੇ। ਉਨ੍ਹਾਂ ਗੁਜ਼ਾਰਿਸ਼ ਕੀਤੀ ਕਿ ਪੋਸਟਰ ਬਣਾਉਣ ਲਈ ਮਾਪਿਆਂ ਵਲੋਂ ਬੱਚਿਆਂ ਦੀ ਕੋਈ ਮਦਦ ਨਾ ਕੀਤੀ ਜਾਵੇ ਸਗੋਂ ਉਹਨਾਂ ਨੂੰ ਆਪਣੇ ਮਨ ਦੀਆਂ ਕਲਪਨਾਵਾਂ ਨੂੰ ਰੰਗਾਂ ਵਿੱਚ ਢਾਲਣ ਦਾ ਮੌਕਾ ਦਿੱਤਾ ਜਾਵੇ। ਕੋਰੋਨਾਵਾਇਰਸ ਦਾ ਅਸਰ ਖਤਮ ਹੋਣ ਤੋਂ ਬਾਅਦ ਇਹਨਾਂ ਕਲਾਕ੍ਰਿਤਾਂ ਨੂੰ ਇੱਕਠਾ ਕਰਕੇ ਇਕ ਨੁਮਾਇਸ਼ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਇਸ ਮੁਕਾਬਲੇ ਦੇ ਹਰੇਕ ਵਰਗ ਵਿੱਚੋਂ ਪਹਿਲੇ ਤਿੰਨ ਜੇਤੂਆਂ ਨੂੰ ਮੈਡਲ ਤੇ ਨਕਦ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਭਾਗ ਲੈਣ ਵਾਲ਼ੇ ਹਰੇਕ ਬੱਚੇ ਨੂੰ ਸਰਟੀਫਿਕੇਟ ਨਾਲ਼ ਸਨਮਾਨਿਤ ਕੀਤਾ ਜਾਵੇਗਾ। ਵੱਖ-ਵੱਖ ਕਲਾਸਾਂ ਦੇ ਬੱਚਿਆਂ ਲਈ ਚਾਰਟ ਦਾ ਸਾਈਜ਼ ਵੱਖਰਾ ਰੱਖਿਆ ਗਿਆ ਹੈ ਜਿਸ ਬਾਰੇ ਜਾਣਕਾਰੀ ਲੈਣ ਲਈ ਸੁਖਵੀਰ ਗਰੇਵਾਲ ਨਾਲ਼ ਫੋਨ ਨੰਬਰ 403-402-0770 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com