ਕੈਨੇਡਾ: ਸੁਖ ਧਾਲੀਵਾਲ ਵੱਲੋਂ ਲੋਕਾਂ ਨਾਲ ਵਰਚੂਅਲ ਮੀਟਿੰਗਾਂ ਕਰਨ ਦਾ ਫੈਸਲਾ
ਹਰਦਮ ਮਾਨ
ਸਰੀ, 10 ਅਪ੍ਰੈਲ 2020-ਸਰੀ ਦੇ ਨਿਊਟਨ ਹਲਕੇ ਤੋਂ ਪਾਰਲੀਮੈਂਟ ਮੈਂਬਰ ਸੁਖ ਧਾਲੀਵਾਲ ਨੇ ਮੌਜੂਦਾ ਹਾਲਾਤ ਦੇ ਮੱਦੇ-ਨਜ਼ਰ ਆਪਣੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਲਈ ਸਕਾਈਪ ਅਤੇ ਵਟਸਐਪ ਰਾਹੀਂ ਵੀਡੀਓ ਕਾਨਫਰੰਸਾਂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਸ਼ੁਰੂਆਤ 10 ਅਪ੍ਰੈਲ (ਸ਼ੁੱਕਰਵਾਰ) ਤੋਂ ਕੀਤੀ ਜਾ ਰਹੀ ਹੈ ਅਤੇ ਫਿਰ ਹਰੇਕ ਸ਼ੁੱਕਰਵਾਰ ਵਰਚੂਅਲ ਮੀਟਿੰਗਾਂ ਰਾਹੀਂ ਲੋਕ ਆਪਣੇ ਐਮ.ਪੀ. ਨਾਲ ਜੁੜ ਸਕਿਆ ਕਰਨਗੇ।
ਸੁਖ ਧਾਲੀਵਾਲ ਨੇ ਇਸ ਸਬੰਧੀ ਦਸਦਿਆਂ ਕਿਹਾ ਹੈ ਕਿ ਇਸ ਤਰਾਂ ਦੇ ਚੁਣੌਤੀਆਂ ਭਰਪੂਰ ਸਮੇਂ ਵਿਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਹਰ ਰੋਜ਼ ਜਾਰੀ ਕੀਤੇ ਜਾ ਰਹੇ ਸਰਕਾਰੀ ਪ੍ਰੋਗਰਾਮਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨ, ਲੋਕਾਂ ਨੂੰ ਹੌਸਲਾ ਦੇਣ । ਉਨ੍ਹਾਂ ਕਿਹਾ ਕਿ ਸਾਡੇ ਦਫ਼ਤਰ ਨੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੇਵਾਵਾਂ ਦੇ ਕੇ ਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਈ ਹੈ ਅਤੇ ਮੌਜੂਦਾ ਹਾਲਾਤ ਵਿਚ ਵੀ ਮੈਂ ਇਨ੍ਹਾਂ ਸੇਵਾਵਾਂ ਵਿਚ ਕੋਈ ਕਮੀ ਨਹੀਂ ਆਉਣ ਦੇਵਾਂਗਾ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਜਦੋਂ ਤੋਂ ਸਰੀਰਕ ਦੂਰੀਆਂ ਦੇ ਉਪਾਅ ਲਾਗੂ ਕੀਤੇ ਗਏ ਹਨ, ਉਦੋਂ ਤੋਂ ਲੋਕਾਂ ਤੀਕ ਸਹੀ ਜਾਣਕਾਰੀ ਅਤੇ ਸਹਾਇਤਾ ਪੁਚਾਉਣਾ ਹੋਰ ਵੀ ਜ਼ਰੂਰੀ ਅਤੇ ਮਹੱਤਵਪੂਰਨ ਬਣ ਗਿਆ ਹੈ ਅਤੇ ਲੋਕਾਂ ਨਾਲ ਵਿਰਚੂਅਲ ਮੀਟਿੰਗਾਂ ਰਾਹੀਂ ਸੰਪਰਕ ਬਣਾਈ ਰੱਖਣ ਪਿੱਛੇ ਮੇਰਾ ਏਹੀ ਉਦੇਸ਼ ਹੈ।
ਉਨ੍ਹਾਂ ਕਿਹਾ ਕਿ ਸਰੀ-ਨਿਊਟਨ ਏਰੀਆ ਦੇ ਨਿਵਾਸੀ, ਜੋ ਉਨ੍ਹਾਂ ਨਾਲ ਮੀਟਿੰਗ, ਗੱਲਬਾਤ ਕਰਨਾ ਚਾਹੁੰਦੇ ਹਨ, ਉਹ MP@SukhDhaliwal.ca ਤੇ ਈਮੇਲ ਕਰਕੇ ਸਮਾਂ ਤਹਿ ਕਰ ਸਕਦੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com