ਨਵੇਂ ਦਾਖਲੇ ਲਈ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮ ਕੀਤਾ ਜਾਵੇ : ਸ੍ਰੀਮਤੀ ਅਮਨਦੀਪ ਕੌਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ 26 ਅਪ੍ਰੈਲ 2020: ਕੋਵਿਡ 19 ਕਰੋਨਾ ਕਾਰਨ ਪੂਰਾ ਵਿਸ਼ਵ ਪ੍ਰਭਾਵਿਤ ਹੋਇਆ ਹੈ , ਜਿਸ ਦੇ ਚੱਲਦਿਆਂ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਵਿੱਚ 10 ਮਈ ਤੱਕ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ। ਇਸ ਲਈ ਸਿੱਖਿਆ ਅਧਿਕਾਰੀਆਂ ਵੱਲੋਂ ਕੰਮ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਅਧਿਆਪਕਾਂ ਨਾਲ ਆਨ-ਲਾਈਨ ਵੀਡੀਓ ਕਾਨਫਰੰਸ ਕਰਕੇ ਰਾਬਤਾ ਕਾਇਮ ਕੀਤਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨੋਡਲ ਅਫਸਰ ਮੈਡਮ ਅਮਨਦੀਪ ਕੌਰ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ( ਪ੍ਰਾਇਮਰੀ ਸਿੱਖਿਆ ) ਨਾਲ ਅੱਜ ਵੀਡੀਓ ਕਾਨਫਰੰਸ ਕਰਕੇ ਨਵੇਂ ਦਾਖਲੇ ਸੰਬੰਧੀ ਜਾਇਜਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਨਵੇਂ ਦਾਖਲੇ ਸੰਬੰਧੀ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮ ਕਰਦੇ ਹੋਏ ਸ਼ੋਸ਼ਲ ਮੀਡੀਆ ਦੇ ਸਹਿਯੋਗ ਨਾਲ ਬੱਚਿਆਂ ਤੱਕ ਅਤੇ ਉਨ੍ਹਾਂ ਦੇ ਮਾਤਾ ਪਿਤਾ ਤੱਕ ਪਹੁੰਚ ਕਰਕੇ ਸਰਕਾਰੀ ਸਹੂਲਤਾਂ ਸੰਬੰਧੀ ਵਿਸਥਾਰ ਸਹਿਤ ਗੱਲ-ਬਾਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਆਨ-ਲਾਈਨ ਹੋਮ ਵਰਕ ਕਰਵਾਇਆ ਜਾ ਰਿਹਾ ਹੈ ਅਤੇ ਮਾਹਿਰ ਅਧਿਆਪਕਾਂ ਦੁਆਰਾ ਤਿਆਰ ਕੀਤੇ ਪਾਠ ਟੀ.ਵੀ. ਚੈਨਲ , ਆਕਾਸ਼ਵਾਣੀ ਰੇਡੀਓ ਪਟਿਆਲਾ ਤੇ ਦੋਆਬਾ ਰੇਡੀਓ ਤੇ ਰੋਜ਼ਾਨਾ ਪ੍ਰਸਾਰਿਤ ਹੋ ਰਹੇ ਹਨ। ਇਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਈ.ਓ. ਐਲੀਮੈਂਟਰੀ ਸਿੱਖਿਆ ਸ੍ਰੀ ਬਲਜੀਤ ਕੁਮਾਰ ਨੇ ਦੱਸਿਆ ਕਿ ਬਹੁਤ ਸਾਰੇ ਸਰਕਾਰੀ ਸਕੂਲਾਂ ਵੱਲੋਂ ਦਾਖਲੇ ਸੰਬੰਧੀ ਆਨ-ਲਾਈਨ ਲਿੰਕ ਤਿਆਰ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀ ਘਰ ਬੈਠੇ ਹੀ ਆਨ-ਲਾਈਨ ਲਿੰਕ ਕਲਿੱਕ ਕਰਕੇ ਦਾਖਲਾ ਪ੍ਰਾਪਤ ਕਰ ਰਹੇ ਹਨ।ਡਿਪਟੀ ਡੀ.ਈ.ਓ. ਸ.ਸੁਖਦਰਸ਼ਨ ਸਿੰਘ ਬੇਦੀ ਵੱਲੋਂ ਵੀ ਦਾਖਲੇ ਸੰਬੰਧੀ ਚਰਚਾ ਕੀਤੀ ਗਈ ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਬੁੱਧ ਰਾਮ , ਸ੍ਰੀ ਅਜੈ ਕੁਮਾਰ , ਸ੍ਰੀ ਜਗਦੀਪ ਸਿੰਘ, ਸ੍ਰੀ ਕਰਨੈਲ ਸਿੰਘ,ਸ੍ਰੀਮਤੀ ਗੁਰਦੀਪ ਕੌਰ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਕਮਲਪ੍ਰੀਤ ਸਿੰਘ, ਸਹਾਇਕ ਜ਼ਿਲ੍ਹਾ ਕੁਆਰਡੀਨੇਟਰ ਰਾਜੀਵ ਕੁਮਾਰ , ਮੀਡੀਆ ਕੋਆਰਡੀਨੇਟਰ ਅਮਰਜੀਤ ਸਿੰਘ , ਸਮਾਰਟ ਸਕੂਲ ਕੁਆਰਡੀਨੇਟਰ ਹਰਵਿੰਦਰ ਸਿੰਘ ਅਤੇ ਮਨਦੀਪ ਸਿੰਘ , ਸਮੂਹ ਬੀ ਐਮ ਟੀ ਅਤੇ ਸੀ ਐਮ ਟੀ ਹਾਜ਼ਰ ਸਨ..