ਫਿਰੋਜ਼ਪੁਰ, 6 ਮਈ 2020 : ਫਿਰੋਜ਼ਪੁਰ ਦੇ ਪਿੰਡ ਕਮੱਗਰ ਦੀ ਸਰਪੰਚਣੀ ਦੇ ਪਤੀ ਨੂੰ ਉਸ ਦੇ ਜਾਤ ਪ੍ਰਤੀ ਅਪਸ਼ਬਦ ਬੋਲਣ, ਪਿੰਡੋਂ ਬਾਹਰ ਕੱਢਣ ਦੀ ਧਮਕੀ ਦੇਣ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਵਰਨ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਕਮੱਗਰ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਗੁਰਮੇਲ ਸਿੰਘ ਪੁੱਤਰ ਮੁਖਤਿਆਰ ਸਿੰਘ, ਬੱਬਲਜੀਤ ਸਿੰਘ ਬੱਬਲ ਪੁੱਤਰ ਗੁਰਮੇਲ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਅਨ ਪਿੰਡ ਕਮੱਗਰ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਪੰਚਾਇਤੀ ਜ਼ਮੀਨ ਨੂੰ ਛੁਡਾਉਣ ਵਾਸਤੇ ਇਨ੍ਹਾਂ ਖਿਲਾਫ ਕਾਰਵਾਈ ਕਰਵਾਈ ਹੈ। ਸਵਰਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਹ ਪੀਰ ਬਾਬਾ ਭੱਖੜ ਸ਼ਾਹ ਦੀ ਦਰਗਾਹ ਤੇ ਸੇਵਾ ਕਰਦਾ ਹੈ ਅਤੇ ਉਸ ਦੀ ਪਤਨੀ ਜੋਗਿੰਦਰ ਕੌਰ ਪਿੰਡ ਕਮੱਗਰ ਦੀ ਮੌਜ਼ੂਦਾ ਸਰਪੰਚਣੀ ਹੈ।
ਸਵਰਨ ਸਿੰਘ ਨੇ ਦੋਸ਼ ਲਗਾਇਆ ਕਿ ਮਿਤੀ 28 ਅਪ੍ਰੈਲ 2020 ਨੂੰ ਉੁਹ ਉਕਤ ਦਰਗਾਹ 'ਤੇ ਮੌਜ਼ੂਦ ਸੀ ਤਾਂ ਦੋਸ਼ੀਅਨ ਗੁਰਮੇਲ ਸਿੰਘ, ਬੱਬਲਜੀਤ ਸਿੰਘ ਬੱਬਲ ਅਤੇ ਕੁਲਵਿੰਦਰ ਸਿੰਘ ਨੇ ਉਸਦੀ ਜਾਤ ਪ੍ਰਤੀ ਅਪਸ਼ਬਦ ਬੋਲੇ ਤੇ ਉਸ ਨੂੰ ਪਿੰਡੋਂ ਬਾਹਰ ਕੱਢਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਤਨਾਤ ਸਿੰਘ ਉਪ ਕਤਪਾਨ ਪੁਲਿਸ ਸਬ ਡਵੀਜਨ ਫਿਰੋਜ਼ਪੁਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।