ਲੁਧਿਆਣਾ, 9 ਮਈ 2020 - ਲੁਧਿਆਣਾ ਦੇ ਢੋਲੇਵਾਲ ਮਿਲਟਰੀ ਕੰਪਲੈਕਸ ਨੇੜੇ ਰਾਮਗੜ੍ਹੀਆ ਸ਼ਮਸ਼ਾਨਘਾਟ ਵਿਖੇ ਦੋ ਪੁਜਾਰੀ ਇਸ ਵੇਲੇ ਦੋ ਵਕਤ ਦੀ ਰੋਟੀ ਲਈ ਆਪਣਾ ਚੁੱਲ੍ਹਾ ਬਾਲਣ ਤੋਂ ਵੀ ਔਖੇ ਹੋ ਗਏ ਹਨ। ਕਿਉਂਕਿ ਰਾਮਗੜ੍ਹੀਆ ਸ਼ਮਸ਼ਾਨਘਾਟ ਨੂੰ ਪ੍ਰਸ਼ਾਸਨ ਵੱਲੋਂ ਕੋਵਿਡ -19 ਦੇ ਮਰੀਜ਼ਾਂ ਦੇ ਅੰਤਿਮ ਸਸਕਾਰ ਕਰਨ ਲਈ ਚੁਣਿਆ ਗਿਆ ਸੀ, ਜਿਸ ਤੋਂ ਬਾਅਦ ਲੋਕਲ ਵਸਨੀਕਾਂ ਨੇ ਇਸ ਸ਼ਮਸ਼ਾਨਘਾਟ ਦੀਆਂ ਸੇਵਾਵਾਂ ਦੀ ਵਰਤੋਂ ਕਰਨੀ ਬੰਦ ਕਰ ਦਿੱਤੀਆਂ। ਹੋਰ ਵੀ ਮਾੜੀ ਗੱਲ ਇਹ ਹੈ ਕਿ ਇੱਥੇ ਕੀਤੇ ਗਏ ਛੇ ਕੋਵਿਡ ਮਰੀਜ਼ਾਂ ਦੇ ਸਸਕਾਰ ਲਈ ਪੁਜਾਰੀਆਂ ਨੂੰ ਅਦਾਇਗੀ ਨਹੀਂ ਕੀਤੀ ਗਈ, ਨਾ ਤਾਂ ਮ੍ਰਿਤਕ ਦੇ ਪਰਿਵਾਰ ਵੱਲੋਂ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਿਮ ਸਸਕਾਰ ਦਾ ਪ੍ਰਬੰਧ ਕੀਤਾ ਗਿਆ।
ਜਿਸ ਤੋਂ ਬਾਅਦ ਆਪਣੇ ਘਰ ਦੋ ਵਕਤ ਦੀ ਰੋਟੀ ਪਕਾਉਣ ਤੋਂ ਵਾਂਝੇ ਹੋਏ ਪੁਜਾਰੀਆਂ ਨੇ ਹੁਣ ਕੋਵਿਡ -19 ਦੇ ਹੋਰ ਮਰੀਜ਼ਾਂ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਿਉਂਕਿ ਚਾਰ ਵਿਅਕਤੀ ਜੋ ਕੋਰੋਨ ਵਾਇਰਸ ਬਿਮਾਰੀ ਦਾ ਸ਼ਿਕਾਰ ਹੋਏ ਅਤੇ ਦੋ ਸ਼ੱਕੀ ਮਰੀਜ਼ਾਂ ਦਾ ਇਥੇ ਅੰਤਿਮ ਸਸਕਾਰ ਕੀਤਾ ਜਾ ਚੁੱਕਾ ਹੈ, ਪਰ ਪੁਜਾਰੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਕੁੱਝ ਨਹੀਂ ਦਿੱਤਾ ਗਿਆ ਜੋ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ।
ਦੋ ਪੁਜਾਰੀਆਂ ਵਿੱਚੋਂ ਇੱਕ ਪੁਜਾਰੀ ਪੰਕਜ ਸ਼ਰਮਾ ਨੇ ਕਿਹਾ ਕਿ ਉਹ ਭਵਿੱਖ ਵਿਚ ਕੋਵਿਡ ਮਰੀਜ਼ਾਂ ਦਾ ਅੰਤਮ ਸਸਕਾਰ ਨਹੀਂ ਕਰਨਗੇ। ਕਿਉਂਕਿ 'ਨਾ ਪ੍ਰਸ਼ਾਸਨ ਮਰੀਜ਼ਾਂ ਦੇ ਪਰਿਵਾਰਾਂ ਬਦਲੇ ਵਿਚ ਸਾਨੂੰ ਕੁੱਝ ਦਿੰਦੇ ਹਨ, ਦੂਜੇ ਪਾਸੇ ਸ਼ਹਿਰ ਦੇ ਦੂਸਰੇ ਵਸਨੀਕਾਂ ਨੇ ਵੀ ਆਪਣੇ ਮੁਰਦਿਆਂ ਨੂੰ ਸਾਡੇ ਸ਼ਮਸ਼ਾਨਘਾਟ ਵਿਚ ਲਿਆਉਣਾ ਬੰਦ ਕਰ ਦਿੱਤਾ ਹੈ।
ਦੂਸਰੇ ਪੁਜਾਰੀ ਗੁਰਦੇਵ ਸਿੰਘ ਕਹਿੰਦੇ ਹਨ, 'ਕਿ ਇਹ ਸਾਡੇ ਰਹਿਣ ਦਾ ਇੱਕਮਾਤਰ ਸਰੋਤ ਹੈ ਕਿਉਂਕਿ ਮਰਨ ਵਾਲਿਆਂ ਦੇ ਪਰਿਵਾਰ ਜੋ ਕੁੱਝ ਵੀ ਸਾਨੂੰ ਦਿੰਦੇ ਹਨ ਉਸ ਨਾਲ ਸਾਡੇ ਘਰ ਦਾ ਚੁੱਲ੍ਹਾ ਬਲਦਾ ਹੈ, ਪਰ ਹੁਣ ਹਾਲਾਤ ਬਦਲ ਗਏ ਹਨ ਜੇ ਸਥਿਤੀ ਅਜਿਹੀ ਹੀ ਬਣੀ ਰਹਿੰਦੀ ਹੈ ਤਾਂ ਅਸੀਂ ਆਪਣੇ ਪਰਿਵਾਰਾਂ ਨੂੰ ਕਿਵੇਂ ਖੁਆਵਾਂਗੇ ?'