ਸੰਜੀਵ ਸੂਦ
- ਸਰਹਿੰਦ ਦੀ ਇੱਟ ਨਾਲ ਇੱਟ ਖੜਕਾਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ
- ਸਰਹਿੰਦ ਫਤਿਹ ਦਿਵਸ 'ਤੇ ਫਾਊਂਡੇਸ਼ਨ ਦੇ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਵੱਲੋਂ ਕੋਆਰਡੀਨੇਟਰ ਲਗਾਉਣ 'ਤੇ ਮਤਾ ਪਾਕੇ ਕੀਤਾ ਧੰਨਵਾਦ
ਲੁਧਿਆਣਾ, 12 ਮਈ 2020 - ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸਰਹਿੰਦ ਫਤਿਹ ਦਿਵਸ ਦਾ 310ਵਾਂ ਇਤਿਹਾਸਿਕ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕਰਨੈਲ ਸਿੰਘ ਗਿੱਲ, ਕਨਵੀਨਰ ਬਲਦੇਵ ਬਾਵਾ ਦੀ ਸਰਪ੍ਰਸਤੀ ਹੇਠ ਗਿਆਨੀ ਹਰਦੇਵ ਸਿੰਘ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਫਲਸਫੇ 'ਤੇ ਕਥਾ ਕੀਤੀ ਗਈ।
ਇਸ ਸਮੇਂ ਬਲਵੀਰ ਸਿੰਘ ਫੁੱਲਵਾਲੀ ਦੇ ਢਾਡੀ ਜੱਥੇ ਨੇ ਬਾਬਾ ਜੀ ਦੇ ਜੀਵਨ ਦੇ ਸਬੰਧ 'ਚ ਢਾਡੀ ਵਾਰਾਂ ਗਾਈਆਂ। ਇਸ ਸਮੇਂ ਕਿਰਤੀ ਕਿਸਾਨ ਬਚਿੱਤਰ ਸਿੰਘ ਸਿੱਧੂ, ਭਾਰਤ ਦੀਆਂ ਸਰਹੱਦਾਂ 'ਤੇ ਲੜਾਈ ਲੜਨ ਵਾਲੇ ਕਰਨਲ ਐਚ.ਐਸ ਕਾਹਲੋਂ, ਪ੍ਰਮਿੰਦਰ ਸਿੰਘ ਬਿੱਟੂ, ਕਿਸਾਨੀ ਦੇ ਨਵੇਂ ਔਜਾਰਾਂ ਦਾ ਨਿਰਮਾਣ ਕਰਨ ਵਾਲੇ ਸੁਰਜੀਤ ਸਿੰਘ ਲੋਟੇ, ਧਲਵਿੰਦਰ ਸਿੰਘ ਰਿੰਟੂ ਯੂ.ਐਸ.ਏ ਆਦਿ ਕਿਰਤੀ ਕਿਸਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਐਵਾਰਡ ਪ੍ਰਦਾਨ ਕੀਤਾ ਗਿਆ।
ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 3 ਸਤੰਬਰ 1708 ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜੂਰ ਸਾਹਿਬ ਨੰਦੇੜ ਵਿਖੇ ਹੋਏ ਮਿਲਾਪ ਤੋਂ ਬਾਅਦ ਭਗਤੀ ਤੋਂ ਸ਼ਕਤੀ ਦਾ ਰਸਤਾ ਅਖਤਿਆਰ ਕਰਕੇ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਦੋ ਸਾਲ ਦੇ ਸਮੇਂ ਅੰਦਰ 12 ਮਈ 1710 ਨੂੰ ਚਪੜਚਿੜੀ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ 14 ਮਈ ਨੂੰ ਫਤਹਿ ਦਾ ਝੰਡਾ ਲਹਿਰਾਇਆ। ਇਸ ਸਮੇਂ ਉਹਨਾਂ ਕਿਹਾ ਕਿ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 350 ਸਾਲਾਂ ਜਨਮ ਉਤਸਵ ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਸਬੰਧੀ ਜਾਣਕਾਰੀ ਦਿੱਤੀ।