ਅਸ਼ੋਕ ਵਰਮਾ
ਮਾਨਸਾ, 14 ਮਈ 2020 - ਪਿਛਲੇ ਤਕਰੀਬਨ ਦੋ ਮਹੀਨੇ ਤੋਂ ਚੱਲ ਰਹੇ ਲੌਕਡਾਉਨ ਅਤੇ ਸਰਕਾਰ ਦੇ ਨਾਕਿਸ ਪ੍ਰਬੰਧਾਂ ਦੀ ਵਜਾ ਕਰਕੇ ਮਿਹਨਤਕਸ਼ ਲੋਕਾਂ, ਛੋਟੇ ਦੁਕਾਨਦਾਰਾਂ , ਕਿਸਾਨਾਂ ਅਤੇ ਮਜਦੂਰਾਂ ਨੂੰ ਰੋਜ-ਮਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਖਾਸ ਕਰਕੇ ਸਿਹਤ ਸੇਵਾਵਾਂ ਦੇ ਖੇਤਰ ਅੰਦਰ ਦਰਪੇਸ਼ ਸਮੱਸਿਆਵਾਂ ਨੇ ਤਾਂ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ।
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਆਗੂਆਂ ਧੰਨਾ ਮੱਲ ਗੋਇਲ, ਕੁਲਵੰਤ ਰਾਏ ਪੰਡੋਰੀ, ਐਚ ਐਸ ਰਾਣੂ, ਸੁਰਜੀਤ ਸਿੰਘ, ਗੁਰਮੇਲ ਸਿਂੰਘ ਮਾਛੀਕੇ , ਜਸਵਿੰਦਰ ਭੋਗਲ ਅਤੇ ਮਲਕੀਤ ਥਿੰਦ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਵੱਲੋਂ ਲੰਮਾਂ ਸਮਾਂ ਬੰਦ ਰੱਖੀ ਗਈ ਓ.ਪੀ.ਡੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੀ ਮਰੀਜਾਂ ਲਈ ਬੰਦ ਕੀਤੇ ਗਏ ਦਰਵਾਜਿਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਭ ਤੋਂ ਵੱਧ ਸੰਤਾਪ ਗਰਭਵਤੀ ਮਹਿਲਾਵਾਂ ਨੇ ਭੋਗਿਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਹੀ ਸਮੱਸਿਆਵਾਂ ਵਾਰੇ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ ਪਹੁੰਚਾਉਣ ਦੇ ਇਰਾਦੇ ਨਾਲ ਜਥੇਬੰਦੀ ਵੱਲੋਂ ਮਿਤੀ 16 ਮਈ ਦਿਨ ਸ਼ਨੀਵਾਰ ਨੂੰ ਪੰਜਾਬ ’ਚ ਬਲਾਕ ਪੱਧਰ ਤੇ ਲੌਕਡਾਉਨ ਦੀ ਪਾਲਣਾ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਆਗੂਆਂ ਨੇ ਸਮੂਹ ਬਲਾਕਾਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਆਪੋ ਆਪਣੇ ਇਲਾਕੇ ਦੇ ਜਨਤਕ ਜਥੇਬੰਦੀਆਂ ਦੇ ਆਗੂਆਂ ਨਾਲ ਰਾਬਤਾ ਕਾਇਮ ਕਰਕੇ ਇਨਾਂ ਰੋਸ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕਰਵਾਈ ਜਾਵੇ।