ਨਿਰਵੈਰ ਸਿੰਘ ਸਿੰਧੀ
ਮਮਦੋਟ,15 ਮਈ 2020 :- ਮਨਰੇਗਾ ਮੁਲਾਜਮਾਂ ਨੇ ਪੰਜਾਬ ਸਰਕਾਰ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਓਹਨਾ ਨੂੰ ਇਸ ਭਿਆਨਕ ਬਿਮਾਰੀ ਦੇ ਚਲਦਿਆਂ ਜੀ ਜਾਨ ਨਾਲ ਫੀਲਡ ਵਿਚ ਕੰਮ ਕਰਦਿਆਂ ਨੂੰ ਪੰਜਾਬ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਭਰ ਦੇ ਮਨਰੇਗਾ ਮੁਲਾਜਮਾਂ ਵਿਚ ਰੋਸ਼ ਪਾਇਆ ਜਾ ਰਿਹਾ ਹੈ , ਜਿਸਦੇ ਚਲਦਿਆਂ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਮਮਦੋਟ ਇਕਾਈ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਅ ਮੰਗ ਪੱਤਰ ਬੀ ਡੀ ਪੀ ਓ ਮਮਦੋਟ ਨੂੰ ਦਿੱਤਾ ਗਿਆ।
ਇਸ ਵਿਚ ਕਰਮਚਾਰੀਆਂ ਨੇ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਰੋਨਾ ਵਾਇਰਸ ਵਰਗੀ ਭਿਆਨਿਕ ਬਿਮਾਰੀ ਨਾਲ ਲੜਨ ਵਾਲੇ ਬਾਕੀ ਕਰਮਚਾਰੀਆਂ ਦੀ ਤਰਾਂ ਪਹਿਲੀ ਕਤਾਰ ਵਿਚ ਰੱਖਿਆ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਮੁਲਾਜਮਾਂ ਦੀ ਜਿਥੇ ਵੀ ਡਿਊਟੀ ਲਗਾਈ ਗਈ ਹੈ ਜਿਵੇ ਰਾਸ਼ਨ ਵੰਡਣਾ ,ਲੋਕਾਂ ਨੂੰ ਕਰੋਨਾਂ ਵਾਇਰਸ ਬਾਰੇ ਜਾਣੂ ਕਰਵਾਉਣਾ ,ਮਨਰੇਗਾ ਮਜਦੂਰਾਂ ਨੂੰ ਮਾਸਕ ,ਸੇਨੇਟਾਈਜਰ ਵੰਡਣਾ ,ਬਾਹਰੀ ਰਾਜਾਂ ਤੋਂ ਆਏ ਲੋਕਾਂ ਨੂੰ ਇਕਾਤਵਾਸ ਕਰਨ ਵਾਸਤੇ ਓਹਨਾ ਨੂੰ ਲੋੜੀਦਾਂ ਸਮਾਨ ਮੁਹਈਆ ਕਰਵਾਉਣਾ ,ਖਾਣ ਪੀਣ ਸੌਣ ਆਦਿ ਦਾ ਪ੍ਰਬੰਧ ਕਰਨਾ ਆਦਿ ਫ਼ਰੰਟ ਲਾਈਨ ਤੇ ਆ ਕੇ ਪਹਿਲ ਦੇ ਅਧਾਰ ਤੇ ਆਪਣਾ ਫਰਜ ਸਮਝਦੇ ਹੋਏ ਮਨਰੇਗਾ ਮੁਲਾਜਮਾਂ ਵੱਲੋਂ ਕਰਵਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਸਾਰੇ ਕੰਮ ਕਰਨ ਦੇ ਬਾਵਜੂਦ ਵੀ ਅੱਜ ਸਰਕਾਰ ਵੱਲੋਂ ਮਨਰੇਗਾ ਮੁਲਾਜਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੱਚੇ ਮੁਲਜਮਾਂ ਦੀਆ ਤਨਖਾਹਾ ਘਟ ਹੋਣ ਕਰਕੇ ਘਰਾਂ ਦੇ ਗੁਜਾਰੇ ਚਲਾਉਣੇ ਮੁਸ਼ਕਿਲ ਹੋ ਰਹੇ ਹਨ ਉਪਰੋਂ ਸਰਕਾਰ ਵੱਲੋਂ ਕਈ ਮਹੀਨਿਆਂ ਦੀਆਂ ਤਨਖਾਹਾਂ ਵੀ ਨਹੀਂ ਮਿਲੀਆਂ ਹਨ | ਉਨ੍ਹਾਂ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਜਿਸ ਤਰਾਂ ਸਿਹਤ ਅਤੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਨੂੰ ਤਨਖਾਹਾ ਦੇ ਨਾਲ ਨਾਲ 50 -50 ਲੱਖ ਦਾ ਬੀਮਾਂ ਅਤੇ ਹੋਰ ਸਹੂਲਤਾਂ ਅਤੇ ਪ੍ਰਮੋਸ਼ਨਸ ਦਿੱਤੀਆਂ ਜਾ ਰਹੀਆਂ ਹਨ ਉਸੇ ਅਧਾਰ ਤੇ ਫਰੰਟ ਵੋਰੀਅਰ ਲਾਈਨ ਚ ਕੰਮ ਕਰ ਰਹੇ ਮਨਰੇਗਾ ਮੁਲਾਜਮਾਂ ਨੂੰ ਵੀ ਬੀਮੇ ਅਤੇ ਪ੍ਰਮੋਸ਼ਨਸ ਦੇ ਕੇ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ।