ਜੀ ਐਸ ਪੰਨੂ
ਪਟਿਆਲਾ, 19 ਮਈ 2020 - ਪਟਿਆਲਾ ਪੁਲਿਸ ਨੇ ਇੱਕ ਹਥਿਆਰਬੰਦ ਗਿਰੋਹ ਦੇ ਮੈਂਬਰ ਹਰਪ੍ਰੀਤ ਸਿੰਘ ਹੈਪੀ ਪੁੱਤਰ ਬਲਜੀਤ ਸਿੰਘ ਵਾਸੀ ਮੋਤੀ ਮੁਹੱਲਾ ਪਟਿਆਲਾ ਨੂੰ .32 ਬੋਰ ਦੇ ਦੋ ਪਿਸਟਲ 5 ਜਿੰਦਾ ਕਾਰਤੂਸ ਤੇ ਖਾਲੀ ਰੌਂਦ ਸਮੇਤ ਇੱਕ .315 ਬੋਰ ਦੇਸੀ ਕੱਟਾ ਦੋ ਜਿੰਦਾ ਰੌਂਦਾਂ ਸਮੇਤ ਦਬੋਚਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਲਾਇਨ ਵਿਖੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੂੰ ਇਹ ਸਫ਼ਲਤਾ ਪਟਿਆਲਾ ਪੁਲਿਸ ਦੇ ਸਾਇਬਰ ਸੈਲ ਵੱਲੋਂ ਸੋਸ਼ਲ ਮੀਡੀਆ ਉਪਰ ਰੱਖੀ ਜਾ ਰਹੀ ਬਾਜ ਅੱਖ ਕਰਕੇ ਮਿਲੀ ਹੈ, ਕਿਉਂਕਿ ਇਹ ਵਿਅਕਤੀ ਇੱਕ ਹੋਰ ਧੜੇ, ਹਰਵਿੰਦਰ ਸਿੰਘ ਜੋਈ ਦੇ ਮੈਂਬਰਾਂ ਵਿਰੁੱਧ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪਾ ਕੇ ਹਥਿਆਰਾਂ ਦੀ ਨੁਮਾਇਸ਼ ਕਰਕੇ ਆਪਣੀ ਪਹਿਚਾਣ ਗੈਂਗਸਟਰ ਵਜੋਂ ਬਣਾਉਂਦਾ ਰਹਿੰਦਾ ਸੀ। ਹਰਪ੍ਰੀਤ ਸਿੰਘ ਹੈਪੀ ਅਤੇ ਹਰਵਿੰਦਰ ਸਿੰਘ ਜੋਈ ਨੇ ਆਪਣੇ ਧੜੇ ਬਣਾਏ ਹੋਏ ਹਨ ਅਤੇ ਇਨ੍ਹਾਂ ਦੋਵਾਂ ਵਿਰੁੱਧ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ ਅਤੇ ਇਹ ਆਪਸ 'ਚ ਲੜਦੇ ਝਗੜਦੇ ਰਹਿੰਦੇ ਹਨ।
ਪਟਿਆਲਾ ਪੁਲਿਸ ਨੇ ਹਰਪ੍ਰੀਤ ਹੈਪੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਇਹ ਹਥਿਆਰਾਂ ਨਾਲ ਲੈਸ ਹੋਕੇ ਸ਼ਹਿਰ ਵਿੱਚ ਕੋਈ ਜਾਨੀ ਨੁਕਸਾਨ ਕਰਨ ਦੀ ਫ਼ਿਰਾਕ ਵਿੱਚ ਘੁੰਮ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਬਾਕੀ ਸਾਥੀ ਮੈਂਬਰਾਂ ਇੰਦਰਪ੍ਰੀਤ ਸਿੰਘ, ਰਿਸ਼ੂ, ਹੈਰੀ ਬੌਕਸਰ ਦਰਸ਼ਨ ਬਾਬਾ ਅਤੇ ਹੋਰਨਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸਿੱਧੂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਨਜ਼ਰ ਰੱਖਣ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਿਸੇ ਉਸਾਰੂ ਕੰਮਾਂ ਲਈ ਕੀਤੀ ਜਾਵੇ ਨਾ ਕਿ ਬਦਮਾਸ਼ੀ ਲਈ। ਇਸ ਮੌਕੇ ਐਸ.ਪੀ. ਸਿਟੀ ਵਰੁਣ ਸ਼ਰਮਾ, ਡੀ.ਐਸ.ਪੀ. ਸਿਟੀ-1 ਯੋਗੇਸ਼ ਸ਼ਰਮਾ ਅਤੇ ਥਾਣਾ ਸਿਵਲ ਲਾਇਨ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਵੀ ਮੌਜੂਦ ਸਨ।