ਮਨਿੰਦਰਜੀਤ ਸਿੱਧੂ
- ਕਰਫ਼ਿਊ ਦੌਰਾਨ ਬਿਨਾਂ ਕਿਸੇ ‘ਸਰਕਾਰੀ’ ਮਦਦ ਤੋਂ ਇਕੱਲਿਆਂ ਹੀ ਕੀਤੀ ਵੱਡੀ ਸੇਵਾ
ਜੈਤੋ, 20 ਮਈ 2020 - ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਿੱਥੇ ਸੰਸਾਰ ਪੱਧਰ ਤੇ ਮਾਨਵਤਾ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ,ਉੱਥੇ ਪੰਜ ਦਰਿਆਵਾਂ ਦੀ ਧਰਤੀ ਦੇ ਵਾਰਿਸਾਂ ਨੇ ਦੁਖੀ, ਗਰੀਬ ਤੇ ਲੋੜਵੰਦ ਜਨਤਾ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ। ਕੁਦਰਤੀ ਕਰੋਪੀ ਦੇ ਇਸ ਦੌਰ ਵਿੱਚ ਕਲੱਬਾਂ, ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਸਰਕਾਰ ਜਾਂ ਪ੍ਰਸ਼ਾਸਨ ਨਾਲੋਂ ਵੀ ਵੱਧ ਪੀੜਿਤ ਮਾਨਵਤਾ ਦੇ ਜ਼ਖਮਾਂ ਉੱਪਰ ਫੰਬੇ ਰੱਖੇ।
ਪਰ ਜੈਤੋ ਮੰਡੀ ਵਿੱਚ ਇੱਕ ਬੇਜੋੜ,ਲਾਮਿਸਾਲ ਅਤੇ ਅਤਿਕਥਨੀ ਵਾਲੀ ਉਦਾਹਰਨ ਮਿਲੀ ਜਿੱਥੇ ਸਿਰਫ ਇੱਕੋ ਨੌਜਵਾਨ ਨੇ ਆਪਣੇ ਪਰਿਵਾਰਿਕ ਮੈਂਬਰਾਂ, ਆਂਢੀਆਂ ਗੁਆਂਢੀਆਂ ਤੇ ਕੁੱਝ ਕਰੀਬੀ ਹਮਖਿਆਲੀ ਮਿੱਤਰਾਂ ਦੇ ਸਹਿਯੋਗ ਨਾਲ ਪੂਰੇ ਦੋ ਮਹੀਨੇ ਬਿਲਕੁਲ ਹਾਸ਼ੀਏ ਤੇ ਬੈਠੇ ਲੋਕਾਂ ਦੀ ਤਨ ਮਨ ਧਨ ਨਾਲ ਸੇਵਾ ਕੀਤੀ।ਇਹ ਨੌਜਵਾਨ ਜੋ ਫੋਕੀ ਚਕਾਚੌਂਧ ਤੋਂ ਕੋਹਾਂ ਦੂਰ, ਨਿਰਛੱਲ, ਨਿਰਵੈਰ ਹੋ ਕੇ ਆਪਣਾ ਆਪ ਗੁਆ ਕੇ ਸੇਵਾ ਨਿਭਾ ਰਿਹਾ ਹੈ, ਦਾ ਨਾਮ ਸੰਦੀਪ ਲੂੰਬਾ ਉਰਫ “ਸੋਨੂੰ” ਹੈ।
ਜਿਕਰਯੋਗ ਹੈ ਕਿ ਸੋਨੂੰ ਦਾ ਪਰਿਵਾਰ ’84 ਦਿੱਲੀ ਦੰਗਿਆਂ ਵਿੱਚ ਦਿੱਲੀ ਤੋਂ ਉੱਜੜ ਕੇ ਆਇਆ ਅਤੇ ਆਪਣਾ ਸਭ ਕੁੱਝ ਲੁਟਾ ਕੇ ਜੈਤੋ ਵਿੱਚ ਮਿਹਨਤ ਮੁਸ਼ੱਕਤ ਕਰਕੇ ਜੀਵਨ ਨਿਰਬਾਹ ਕਰਨ ਲੱਗਿਆ ਸੀ।ਨਿਮਨ ਮੱਧਵਰਗੀ ਇਹ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਮੰਡੀ ਦੇ ਇੱਕ ਨਿੱਜੀ ਸਕੂਲ਼ ਵਿੱਚ ਕੰਟੀਨ ਚਲਾ ਰਿਹਾ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਸੰਦੀਪ ਲੂੰਬਾ “ਸੋਨੂੰ” ਪੜ੍ਹਿਆ ਲਿਖਿਆ ਇਨਸਾਨ ਹੈ, ਜੁੱਡੋ ਕਰਾਟੇ ਕਿੱਕ ਬਾਕਸਿੰਗ ਦਾ ਪ੍ਰਸਿੱਧ ਕੋਚ ਹੈ।ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤਹਿਤ ਅਕਾਲੀ ਦਲ ਦੀ ਸਰਕਾਰ ਦੌਰਾਨ ਇਲਾਕੇ ਦੇ ਕਈ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਆਤਮ-ਰੱਖਿਆ ਲਈ ਜੁੱਡੋ ਕਰਾਟੇ ਦੀ ਸਿਖਲਾਈ ਦੇ ਚੁੱਕਿਆ ਹੈ। ਪਰ ਹਾਲਾਤਾਂ,ਤਕਦੀਰਾਂ ਅਤੇ ਸਰਕਾਰੀ ਨੀਤੀਆਂ ਦਾ ਝੰਬਿਆ ‘ਲੂੰਬਾ’ ਜੀਵਨ ਬਸਰ ਲਈ ਕਈ ਪਾਪੜ ਬੇਲ ਚੁੱਕਾ ਹੈ ਅਤੇ ਇਸ ਵਕਤ ਬਠਿੰਡਾ ਵਿਖੇ ਆਪਣਾ ਢਾਬਾ ਚਲਾ ਰਿਹਾ ਹੈ।
ਜਿਨ੍ਹਾਂ ਦੇ ਸਿਰ ਉੱਪਰ ਕੁੱਝ ਕਰਨ ਦਾ ਜਨੂੰਨ ਹੁੰਦਾ ਹੈ ਉਹ ਕਿਸੇ ਆਸਰੇ ਦੀ ਉਡੀਕ ਨਹੀਂ ਕਰਦੇ।ਕੋਰੋਨਾ ਦੇ ਚਲਦਿਆਂ ਕਰਫਿਊ ਅਤੇ ਲਾਕਡਾਊਨ ਕਰਕੇ ਭਾਵੇਂ ਉਸਦਾ ਆਪਣਾ ਕਾਰੋਬਾਰ ਠੱਪ ਹੋ ਗਿਆ ਪਰ “ਸੋਨੂੰ” ਨੇ ਮਹਾਂਮਾਰੀ ਦੇ ਚਲਦਿਆਂ ਬਿਨਾਂ ਕਿਸੇ ਪ੍ਰਸ਼ਾਸਨ ਦੀ ਮਦਦ ਦੇ, ਬਿਨਾਂ ਕਿਸੇ ਸਮਾਜਸੇਵੀ ਸੰਸਥਾ ਦੀ ਮਦਦ ਦੇ, ਬਿਨਾਂ ਕਿਸੇ ਰਾਜਨੀਤਿਕ ਸਰਪ੍ਰਸਤੀ ਦੇ ਲਗਾਤਾਰ ਸ਼ਹਿਰ ਦੇ ਅੱਤ ਗਰੀਬ ਵਸੋਂ ਵਾਲੇ ਇਲਾਕਿਆਂ ਜਿਵੇਂ ਦਾਣਾ ਮੰਡੀ ਦੇ ਆਸੇ-ਪਾਸੇ ਝੁੱਗੀਆਂ, ਰੇਗਰ ਬਸਤੀ, ਮੁਕਤਸਰ ਫਾਟਕ ਨੇੜਲੀ ਵਸੋਂ ਅਤੇ ਬਿਸ਼ਨੰਦੀ ਫਾਟਕ ਨੇੜਲੀ ਵਸੋਂ ਵਿੱਚ ਦੁੱਧ ਅਤੇ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ।ਹੋਰ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੰਗਰ ਖਰੀਦਣ ਤੋਂ ਲੈਕੇ, ਕੱਟਣ, ਪਕਾਉਣ ਅਤੇ ਵਰਤਾਉਣ ਤੱਕ ਦਾ ਸਾਰਾ ਕੰਮ ਸੋਨੂੰ ਲੂੰਬਾ ਅਤੇ ਉਸਦਾ ਪਰਿਵਾਰ ਹੱਥੀਂ ਕਰ ਰਹੇ ਹਨ।ਇਸ ਪਰਿਵਾਰ ਇਸ ਸਮੇਂ ਦੌਰਾਨ ਆਪਣੀ ਸੁੱਧ-ਬੁੱਧ ਗੁਆ ਚੁੱਕਾ ਹੈ ਅਤੇ ਇਸ ਤਰ੍ਹਾਂ ਜਾਪ ਰਿਹਾ ਹੈ ਜਿਵੇਂ ਕਿਸੇ ਵੱਡੇ ਯੱਗ ਦੀ ਪੂਰਤੀ ਵਿੱਚ ਲੱਗਿਆ ਹੋਵੇ।ਲੰਗਰ, ਦੁੱਧ ਦੀ ਸੇਵਾ ਤੋਂ ਇਲਾਵਾ “ਸੋਨੂੰ” ਦੁਆਰਾ ਲਗਭਗ 1200 ਮਾਸਕ ਵੀ ਵੰਡੇ ਗਏ ਅਤੇ ਉਹ ਵੀ ਬੇਹੱਦ ਗਰੀਬ ਲੋਕਾਂ ਨੂੰ।
ਆਪਣੇ ਦਲੇਰਾਨਾ ਕੰਮਾਂ ਕਰਕੇ “ਸੋਨੂੰ” ਅੱਜ ਜੈਤੋ ਇਲਾਕੇ ਵਿੱਚ ਨਾਇਕ ਬਣ ਚੁੱਕਾ ਹੈ ਅਤੇ ਲੋਕਾਂ ਦੀ ਪ੍ਰਸ਼ੰਸਾ ਖੱਟ ਰਿਹਾ ਹੈ।