ਜਗਦੀਸ਼ ਥਿੰਦ
ਫਾਜ਼ਿਲਕਾ, 21 ਮਈ
ਸਿਹਤ ਵਿਭਾਗ ਵੱਲੋਂ ਪੰਜਾਬ ਵਾਸੀਆਂ ਨੂੰ ਕੋਵਿਡ 19 ਤੋਂ ਬਚਾਉਣ ਲਈ ਜਨਤਕ ਥਾਵਾਂ ਉਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ, ਤਾਂ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜੋ ਵਿਅਕਤੀ ਜਨਤਕ ਥਾਵਾਂ ਜਿਵੇਂ ਕਿ ਸੜਕਾਂ, ਗਲੀਆਂ, ਹਸਪਤਾਲ, ਦਫਤਰ, ਬਾਜ਼ਾਰ ਆਦਿ ਸ਼ਾਮਿਲ ਹਨ, ਮਾਸਕ ਨਹੀਂ ਪਾਵੇਗਾ ਉਸਦਾ ਚਲਾਨ ਕੱਟਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਮਾਸਕ ਨਾ ਪਾਉਣ ’ਤੇ 200 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ । ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਨਤਕ ਥਾਵਾਂ ਉੱਤੇ ਥੱੁਕਣ ‘ਤੇ 100 ਰੁਪਏ ਅਤੇ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਵਿਅਕਤੀ ਜੇਕਰ ਇਕਾਂਤਵਾਸ ਦੀ ਅਵੱਗਿਆ ਕਰਦਾ ਹੈ ਤਾਂ 500 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਖਤਰਨਾਕ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਈ ਵੀ ਨਾਗਰਿਕ ਘਰ ਤੋਂ ਬਾਹਰ ਨਿਕਲਣ ਲੱਗਿਆ ਮਾਸਕ ਦੀ ਵਰਤੋਂ ਜ਼ਰੂਰ ਕਰੇ ਅਤੇ ਇਨਾਂ ਹੁਕਮਾਂ ਨੂੰ ਲਾਗੂ ਕਰਨ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਗੱਡੀ ਜਾਂ ਮੋਟਰ ਸਾਈਕਲ ਉਤੇ ਸਫਰ ਕਰਦਾ ਵਿਅਕਤੀ, ਦਫਤਰਾਂ ਤੇ ਫੈਕਟਰੀਆਂ ਵਿਚ ਕੰਮ ਕਰਦੇ ਸਾਰੇ ਕਾਮੇ ਵੀ ਹਰ ਹਾਲਤ ਮਾਸਕ ਲਗਾਉਣ। ਉਨਾਂ ਕਿਹਾ ਕਿ ਮਾਸਕ ਸਧਾਰਨ ਕੱਪੜੇ ਦਾ ਘਰ ਦਾ ਬਣਿਆ ਵੀ ਹੋ ਸਕਦਾ ਹੈ, ਜੋ ਕਿ ਧੋਣ ਯੋਗ ਹੋਵੇ।
ਉਨਾਂ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਵਿਅਕਤੀ ਜਨਤਕ ਸਥਾਨਾਂ ਉਤੇ ਬਿਨਾਂ ਮਾਸਕ (ਚਾਹੇ ਘਰ ਬਣਾਇਆ ਹੋਵੇ ਜਾਂ ਹੋਰ ਹੋਵੇ) ਤੋਂ ਬਿਨ੍ਹਾਂ ਦੇਖਿਆ ਜਾਵੇ, ਉਸ ਦਾ ਮਹਾਂਮਾਰੀ ਕਾਨੂੰਨ ਦੀ ਧਾਰਾਵਾਂ ਅਨੁਸਾਰ ਚਲਾਨ ਕੱਟਿਆ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਜਨਤਕ ਸਥਾਨਾਂ ’ਤੇ ਮਾਸਕ ਪਹਿਨਣ ਦੇ ਹੁਕਮਾਂ ਦੀ 100 ਫੀਸਦੀ ਪਾਲਣਾ ਯਕੀਨੀ ਬਣਾਈ ਜਾਵੇ।