ਜੱਸਾ ਸਿੰਘ ਰਾਮਗੜ੍ਹੀਆ ਸਬੰਧੀ ਵਿਚਾਰ ਚਰਚਾ ਨੇ ਸਿੱਖ ਚਿੰਤਕਾਂ ਦਾ ਧਿਆਨ ਖਿੱਚਿਆ
ਹਰਦਮ ਮਾਨ
ਸਰੀ, 22 ਮਈ 2020-ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 297 ਵੇਂ ਜਨਮ ਦਿਨ ‘ਤੇ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਕਰਵਾਈ ਗਈ ਵਿਸ਼ੇਸ਼ ਵਿਚਾਰ ਚਰਚਾ ਨੇ ਦੁਨੀਆਂ ਭਰ ਦੇ ਸਿੱਖ ਚਿੰਤਕਾਂ ਦਾ ਧਿਆਨ ਖਿੱਚਿਆ ਹੈ। ਇਸ ਚਰਚਾ ਵਿਚ ਸ਼ਾਮਲ ਹੋਏ ਪ੍ਰਸਿੱਧ ਸਿੱਖ ਵਿਦਵਾਨ ਅਤੇ ਪੰਜਾਬੀ ਦੇ ਮਹਾਨ ਲੇਖਕ ਜੈਤੇਗ ਸਿੰਘ ਅਨੰਤ, ਗੁਰੁਦਆਰਾ ਬਰੁੱਕਸਾਈਡ, ਸਰੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਸਕੱਤਰ ਚਰਨਜੀਤ ਸਿੰਘ ਮਰਵਾਹਾ, ਬਲਬੀਰ ਸਿੰਘ ਚਾਨਾ, ਪ੍ਰਧਾਨ ਗੁਰਦੁਆਰਾ ਕਲਗੀਧਰ, ਐਡਮਿੰਟਨ ਅਤੇ ਬੰਤਾ ਸਿੰਘ ਸੱਭਰਵਾਲ ਨੇ ਜਿਥੇ ਉਸ ਸੂਰਬੀਰ ਯੋਧੇ ਅਤੇ ਸਿੱਖਾਂ ਦੀ ਸਿਰਮੌਰ ਹਸਤੀ ਦੇ ਜੀਵਨ, ਸਿੱਖ ਇਤਿਹਾਸ ਵਿਚ ਉਨ੍ਹਾਂ ਦੁਆਰਾ ਪਾਏ ਗੌਰਵਮਈ ਯੋਗਦਾਨ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਉੱਥੇ ਇਸ ਵਿਚਾਰ ਚਰਚਾ ਦਾ ਸਭ ਤੋਂ ਅਹਿਮ ਤੇ ਮਹੱਤਵਪੂਰਨ ਪਹਿਲੂ ਇਹ ਰਿਹਾ ਕਿ ਇਸ ਵਿਚ ਜੈਤੇਗ ਸਿੰਘ ਅਨੰਤ ਵੱਲੋਂ ਵੱਡੇ ਅਤੇ ਅਹਿਮ ਮੁੱਦੇ ਉਠਾਏ ਗਏ ਜੋ ਸਮੁੱਚੀ ਸਿੱਖ ਕੌਮ, ਸਿੱਖ ਵਿਦਵਾਨਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਭਾਰਤ ਦੀ ਕੇਂਦਰ ਸਰਕਾਰ ਦਾ ਧਿਆਨ ਮੰਗਦੇ ਹਨ।
ਅਨੰਤ ਨੇ ਗ਼ਿਲਾ ਪ੍ਰਗਟ ਕੀਤਾ ਕਿ ਸਿੱਖਾਂ ਦੀ ਸਿਰਮੌਰ ਹਸਤੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਪੰਜਾਬ ਵਿਚ ਕੋਈ ਵੀ ਕੌਮੀ ਪੱਧਰੀ ਯਾਦਗਾਰੀ ਸਮਾਰਕ, ਅਜਾਇਬ ਘਰ, ਯੂਨੀਵਰਸਿਟੀ ਜਾਂ ਯੂਨੀਵਰਸਿਟੀ ਵਿਚ ਚੇਅਰ ਸਥਾਪਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਗੌਰਵਮਈ ਇਤਿਹਾਸ ਸਿਰਜਿਆ ਹੈ ਪਰ ਅਫਸੋਸ ਹੈ ਕਿ ਇਸ ਮਾਣਮੱਤੇ ਇਤਿਹਾਸ ਨੂੰ ਸੰਭਾਲਣ ਅਤੇ ਇਸ ਦਾ ਪ੍ਰਚਾਰ-ਪਾਸਾਰ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਸਿੱਖ ਪੂਰੀ ਤਰ੍ਹਾਂ ਨਿਭਾਅ ਨਹੀਂ ਸਕੇ। ਉਨ੍ਹਾਂ ਕਈ ਸਿੱਖ ਹਸਤੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਭਾਰਤ ਅਤੇ ਭਾਰਤ ਤੋਂ ਬਾਹਰ ਅਮਰੀਕਾ, ਕੀਨੀਆ, ਇੰਗਲੈਂਡ ਆਦਿ ਦੇਸ਼ਾਂ ਵਿਚ ਸਿੱਖਾਂ ਦਾ ਮਾਣ ਸਤਿਕਾਰ ਵਧਾਇਆ ਪਰ ਸ਼੍ਰੋਮਣੀ ਕਮੇਟੀ ਦੇ ਸਿੱਖ ਅਜਾਇਬ ਘਰ ਵਿਚ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਨਹੀਂ ਕੀਤੀਆਂ ਜਾ ਸਕੀਆਂ। ਜੈਤੇਗ ਸਿੰਘ ਅਨੰਤ ਨੇ ਅਹਿਮ ਅਤੇ ਵੱਡਮੁੱਲਾ ਸੁਝਾਅ ਦਿੱਤਾ ਕਿ ਜੱਸਾ ਸਿੰਘ ਰਾਮਗੜ੍ਹੀਆ ਦੀ ਸਮੁੱਚੀ ਸ਼ਖ਼ਸੀਅਤ, ਪ੍ਰਾਪਤੀਆਂ ਅਤੇ ਕੁਰਬਾਨੀਆਂ ਬਾਰੇ ਇਤਿਹਾਸਕ ਜਾਣਕਾਰੀ ਨੂੰ ਵਿਸ਼ਾਲ ਪੱਧਰ ‘ਤੇ ਲੋਕਾਂ ਤੀਕ ਅਤੇ ਅਗਲੀਆਂ ਪੀੜ੍ਹੀਆਂ ਤੀਕ ਪਹੁੰਚਾਉਣ ਲਈ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਸਿਲੇਬਸਾਂ ਵਿਚ ਉਨ੍ਹਾਂ ਦੀ ਜੀਵਨੀ ਸ਼ਾਮਲ ਕੀਤੀ ਜਾਵੇ, ਸਿੱਖ ਸੰਸਥਾਵਾਂ ਅਤੇ ਰਾਮਗੜ੍ਹੀਆ ਭਾਈਚਾਰਾ ਜੱਸਾ ਸਿੰਘ ਰਾਮਗੜ੍ਹੀਆ ਉਪਰ ਖੋਜ ਕਾਰਜ (ਪੀ.ਐਚ.ਡੀ.) ਕਰਨ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਵਜ਼ੀਫੇ ਸ਼ੁਰੂ ਕਰਨ, ਕਾਲਜਾਂ, ਯੂਨੀਵਰਸਿਟੀਆਂ ਵਿਚ ਉਨ੍ਹਾਂ ਉਪਰ ਗੋਸ਼ਟੀਆਂ, ਸੈਮੀਨਾਰ ਕਰਵਾਏ ਜਾਣ।
ਇਸ ਵਿਚਾਰ ਚਰਚਾ ਉਪਰ ਕਈ ਸਿੱਖ ਵਿਦਵਾਨਾਂ ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ ਜਿਨ੍ਹਾਂ ਨੂੰ ਸੰਖੇਪ ਰੂਪ ਵਿਚ ਪੇਸ਼ ਕਰ ਰਹੇ ਹਾਂ-
ਨਾਮਵਰ ਸਿੱਖ ਵਿਦਵਾਨ ਪ੍ਰੋ. ਬਲਕਾਰ ਸਿੰਘ, ਪਟਿਆਲਾ ਲਿਖਦੇ ਹਨ “ਵਿਚਾਰ ਚਰਚਾ ਲਈ ਪੰਜੇ ਸ਼ਖ਼ਸੀਅਤਾਂ ਵਧਾਈ ਦੀਆਂ ਪਾਤਰ ਹਨ। ਸਿੱਖ ਸਿਆਸਤ ਦੇ ਪੈਰੋਂ ਸਿੱਖ ਭਾਈਚਾਰੇ ਵਿਚਲੀਆਂ ਘੱਟ ਗਿਣਤੀਆਂ ਨੂੰ ਮੁੱਖ ਧਾਰਾ ਦੇ ਕੇਂਦਰ ਵਿੱਚੋਂ ਧੱਕ ਕੇ ਹਾਸ਼ੀਏ ਤੱਕ ਪਹੁੰਚਾ ਦਿੱਤਾ ਗਿਆ ਹੈ। ਇਸ ਦਾ ਲੇਖਾ ਜੋਖਾ ਅਕਾਦਮਿਕ ਸੁਰ ਸਿੰਘ ਹੁੰਦਾ ਰਹਿਣਾ ਚਾਹੀਦਾ ਹੈ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਵਿਰਾਸਤੀ ਪੁਰਖਿਆਂ ਬਾਰੇ ਜਾਣਕਾਰੀ ਪੰਜਾਬੀ ਅਤੇ ਅੰਗਰੇਜ਼ੀ ਵਿਚ ਤਿਆਰ ਕਰਕੇ ਹਰ ਸਿੱਖ ਤੱਕ ਪਹੁੰਚਾਈ ਜਾਣੀ ਚਾਹੀਦੀ ਹੈ।“
ਉਜਾਗਰ ਸਿੰਘ (ਸਾਬਕਾ ਲੋਕ ਸੰਪਰਕ ਅਫਸਰ, ਪਟਿਆਲਾ) ਨੇ ਲਿਖਿਆ ਹੈ, “ਸਿੱਖ ਪੰਥ ਦੇ ਵਿਦਵਾਨ ਪੱਤਰਕਾਰ, ਖੋਜੀ ਲਿਖਾਰੀ ਅਤੇ ਸੰਪਾਦਕ ਭਾਈ ਜੈਤੇਗ ਸਿੰਘ ਅਨੰਤ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਅਮੀਰ ਵਿਰਾਸਤ ਨੂੰ ਯਾਦਗਾਰੀ ਬਣਾਉਣ ਲਈ ਕਈ ਸੁਝਾਅ ਦਿੱਤੇ, ਜਿਹੜੇ ਰਾਮਗੜ੍ਹੀਆ ਭਾਈਚਾਰੇ ਦੀ ਨੌਜਵਾਨ ਪਨੀਰੀ ਨੂੰ ਆਪਣੇ ਵਿਰਸੇ ਤੇ ਪਹਿਰਾ ਦੇਣ ਲਈ ਪ੍ਰੇਰਨਾ ਦੇਣਗੇ। ਉਨ੍ਹਾਂ ਮਹਾਰਾਜਾ ਜੱਸਾ ਸਿੰਘ ਦੀ ਯਾਦ ਵਿਚ ਇਕ ਅਜਾਇਬ ਘਰ ਸਥਾਪਿਤ ਕਰਨ, ਯੂਨੀਵਰਸਿਟੀ ਬਣਾਉਣ, ਖੋਜ ਦੇ ਕਾਰਜ ਕਰਨ ਲਈ ਉਦਮ ਕੀਤੇ ਜਾਣ ਅਤੇ ਯੂਨੀਵਰਸਿਟੀਆਂ ਵਿਚ ਜੱਸਾ ਸਿੰਘ ਰਾਮਗੜ੍ਹੀਆ ਚੇਅਰਾਂ ਸਥਾਪਤ ਕੀਤੀਆਂ ਜਾਣ ਦਾ ਸੁਝਅ ਦਿੱਤਾ।“
ਪਾਕਿਸਤਾਨ ਤਂ ਮਹਾਨ ਇਤਿਹਾਸਕਾਰ ਅਤੇ ਲਹੌਰ ਦੇ ਕਾਲਮ ਨਵੀਸ ਅਖਤਰ ਹੁਸੈਨ ਸੰਧੂ ਲਿਖਦੇ ਹਨ, “ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗੌਰਵ ਅਤੇ ਬਹਾਦਰੀ ਦਾ ਇੱਕ ਚਿੰਨ੍ਹ ਹਨ। ਉਨ੍ਹਾਂ ਰਾਮਗੜ੍ਹੀਆ ਮਿਸਲ ਦੀ ਸਫਲਤਾਪੂਰਵਕ ਅਗਵਾਈ ਕੀਤੀ ਅਤੇ ਇਕ ਯੋਧੇ ਅਤੇ ਕਮਾਂਡਰ ਦੀ ਹੈਸੀਅਤ ਵਿਚ ਮਹਾਨ ਨਾਮਣਾ ਖੱਟਿਆ। ਉਹ ਪੰਜਾਬ ਦੇ ਇਤਿਹਾਸ ਦਾ ਚਮਕਦਾਰ ਅਧਿਆਇ ਹੈ ਪਰ ਅਕਾਦਮਿਕ ਪੱਧਰ ਤੇ ਕੀਤੇ ਜਾ ਰਹੇ ਖੋਜ ਪ੍ਰਾਜੈਕਟਾਂ ਵਿਚ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਉਨ੍ਹਾਂ ਦੇ ਨਾਮ ਨਾਲ ਕੁਰਸੀ ਸਥਾਪਤ ਕਰਨੀ ਚਾਹੀਦੀ ਹੈ।”
ਡਾ. ਪਰਮਜੀਤ ਕੌਰ (ਐਸੋਸੀਏਟ ਪ੍ਰੋਫੈਸਰ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਅਨੰਦਪੁਰ ਸਾਹਿਬ) ਦੀ ਪ੍ਰਤੀਕਿਰਿਆ ਰਹੀ, “ਪੰਜ ਗੁਰਸਿੱਖ ਵਿਦਵਾਨ ਸ਼ਖ਼ਸੀਅਤਾਂ ਜੈਤੇਗ ਸਿੰਘ ਅਨੰਤ, ਸੁਰਿੰਦਰ ਸਿੰਘ ਜੱਬਲ ,ਬਲਬੀਰ ਸਿੰਘ ਚਾਨਾ, ਬੰਤਾ ਸਿੰਘ ਸੱਭਰਵਾਲ ਤੇ ਚਰਨਜੀਤ ਸਿੰਘ ਮਰਵਾਹਾ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਅਜੋਕੇ ਸਮੇਂ ਵਿੱਚ ਉਨ੍ਹਾਂ ਦੁਆਰਾ ਦਿੱਤੇ ਵਿਰਸੇ ਦੀ ਸਾਂਭ ਸੰਭਾਲ ਲਈ ਕੀਤੀ ਗਈ ਚਰਚਾ ਇੱਕ ਸ਼ਲਾਘਾਯੋਗ ਉੱਦਮ ਹੈ। ਵਿਸ਼ੇਸ਼ ਕਰਕੇ ਜੈਤੇਗ ਸਿੰਘ ਅਨੰਤ ਦੁਆਰਾ ਛੇੜੀ ਗਈ ਦਲੀਲਾਂ ਭਰਪੂਰ ਚਰਚਾ ਅਕਾਦਮਿਕ ਖੇਤਰ ਵਿੱਚ ਨਵੇਂ ਦਿਸਹੱਦੇ ਉਸਾਰਦੀ ਹੈ। ਸੱਚਮੁੱਚ ਹੀ ਅਜੇ ਤੱਕ ਅਕਾਦਮਿਕ ਖੇਤਰ ਵਿੱਚ ਵੱਡੇ ਪੱਧਰ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨਾਲ ਸਬੰਧਤ ਖੋਜ ਕਾਰਜਾਂ ਦੀ ਘਾਟ ਅਤੇ ਯੂਨੀਵਰਸਿਟੀਆਂ ਵਿੱਚ ਕਿਸੇ ਵੀ ਚੇਅਰ ਦਾ ਉਨ੍ਹਾਂ ਦੇ ਨਾਂਅ ਤੇ ਸਥਾਪਿਤ ਨਾ ਹੋਣਾ ਇੱਕ ਵੱਡਾ ਅਕਾਦਮਿਕ ਹਲੂਣਾ ਹੈ। ਸੁਰਿੰਦਰ ਸਿੰਘ ਜੱਬਲ ਇੱਕ ਸੁਯੋਗ ਪ੍ਰਬੰਧਕ ਅਤੇ ਚਿੰਤਨਸ਼ੀਲ ਸ਼ਖ਼ਸੀਅਤ ਹਨ ਜੋ ਇਸ ਚਰਚਾ ਰਾਹੀਂ ਸਿੱਖ ਮਨਾਂ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਤੇ ਉਨ੍ਹਾਂ ਦੀ ਸਿੱਖ ਕੌਮ ਨੂੰ ਦੇਣ ਬਾਰੇ ਚੇਤਨਾ ਪੈਦਾ ਕਰਨ ਦੀ ਦੂਰ ਅੰਦੇਸ਼ੀ ਸੋਚ ਸਿੱਖ ਅਕਾਦਮਿਕ ਜਗਤ ਵਿੱਚ ਅਤਿ ਸ਼ਲਾਘਾਯੋਗ ਕਦਮ ਹੈ। ਮਰਵਾਹਾ, ਚਾਨਾ ਅਤੇ ਸੱਭਰਵਾਲ ਨੇ ਵੱਖੋ ਵੱਖਰੀ ਜੁਗਤੀ ਨਾਲ ਸਿੱਖ ਮਨਾਂ ਨੂੰ ਗ਼ੈਰਤ, ਅਣਖ ਅਤੇ ਆਪਣੇ ਵਿਰਸੇ ਪ੍ਰਤੀ ਸੰਵੇਦਨਸ਼ੀਲ ਅਤੇ ਜਾਗਰੂਕ ਕਰਨ ਦੀ ਤਾਂਘ ਪ੍ਰਗਟਾਈ ਹੈ।“
ਮਲਕੀਤ ਸਿੰਘ ਖਾਲਸਾ (ਐਡੀ: ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ ਜੀ ਅੰਮ੍ਰਿਤਸਰ) ਦਾ ਸੁਨੇਹਾ, “ਹਰ ਦਿਲ ਅਜੀਜ ਉਘੇ ਲੇਖਕ ਵਿਦਵਾਨ ਗਿਆਨੀ ਜੈਤੇਗ ਸਿੰਘ ਅਨੰਤ (ਕੈਨੇਡਾ) ਜਿਨ੍ਹਾਂ ਦੇ ਅੰਦਰ ਕੌਮ ਪ੍ਰਤੀ ਦਰਦ ਹੈ, ਉਨ੍ਹਾਂ ਨੇ ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਕੀਤੇ ਕਾਰਜਾਂ ਲਈ ਵਿਸ਼ੇਸ਼ ਵੀਡੀਓ ਕਾਨਫਰੰਸਿੰਗ ਜ਼ਰੀਏ ਮਹਾਰਾਜਾ ਜੀ ਦੇ 297 ਸਾਲਾ ਜਨਮ ਦਿਵਸ ਮੌਕੇ ਉਨ੍ਹਾਂ ਦੇ ਕੀਤੇ ਕਾਰਜਾਂ ਨੂੰ ਕੌਮ ਅੰਦਰ ਜਾਗ੍ਰਿਤੀ ਪੈਦਾ ਕਰਨ ਹਿੱਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਜਾਇਬ ਘਰ, ਉਨਾਂ ਦੀ ਜੀਵਨੀ ਤੇ ਪੀ ਐਚ ਡੀਆਂ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਬਹੁਤ ਸਾਰੇ ਹੋਰ ਕਾਰਜਾਂ ਹਿੱਤ ਸੁਝਾਅ ਦਿੱਤੇ।”
ਪ੍ਰੋ: ਰਸ਼ਮੀ ਸਿੰਘ (ਸਪੁੱਤਰੀ ਨਾਮਵਰ ਪੰਜਾਬੀ ਸ਼ਾਇਰ ਮਰਹੂਮ ਹਰਿਭਜਨ ਸਿੰਘ ਦਿੱਲੀ) ਦੇ ਵਿਚਾਰ ਹਨ, “ਸਿੱਖਾਂ ਦਾ ਗੌਰਵਮਈ ਇਤਿਹਾਸ ਹੈ ਪਰ ਨਾ ਤੇ ਸਰਕਾਰਾਂ, ਨਾ ਹੀ ਸਿੱਖ ਪੰਥਕਾਂ ਨੇ ਏਸ ਇਤਿਹਾਸ ਨੂੰ ਯੋਗ ਸਨਮਾਨ ਦਿੱਤਾ ਅਤੇ ਨਾ ਹੀ ਇਸ ਦੀ ਸੰਭਾਲ ਕੀਤੀ। ਸਤਿਕਾਰ ਯੋਗ ਅਨੰਤ, ਜੱਬਲ,ਮਰਵਾਹ, ਸੱਭਰਵਾਲ,ਤੇ ਚਾਨਾ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 297 ਵੇਂ ਜਨਮ ਦਿਨ ਨੂੰ ਮਨਾਂਦਿਆਂ, ਉਨ੍ਹਾਂ ਦੇ ਜੀਵਨ ਤੇ ਗੌਰਵਮਈ ਇਤਿਹਾਸ ਨੂੰ ਪੰਜਾਬੀ ਜਗਤ ਅੱਗੇ ਉਜਾਗਰ ਕੀਤਾ ਹੈ। ਅੱਗੇ ਵੀ ਹੋਰ ਉਪਰਾਲੇ ਆਪ ਸਭ ਕਰਦੇ ਰਹੋ ਤਾਂ ਕਿ ਸਿੱਖ ਇਤਿਹਾਸ ਦੀ ਵਿਰਾਸਤ ਸਾਂਭੀ ਰਹੇ।“
ਭੁਪਿੰਦਰ ਸਿੰਘ ਉਭੀ (ਐਡੀਟਰ, ਰਾਮਗੜ੍ਹੀਆ ਦਰਪਣ, ਜਲੰਧਰ) ਦੇ ਵਿਚਾਰ ਹਨ, “ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਅਤੇ ਰਾਮਗੜ੍ਹੀਆ ਕੌਮ ਬਾਰੇ ਵਿਚਾਰ ਚਰਚਾ ਨੂੰ ਸੁਨਣ ਦਾ ਮੌਕਾ ਮਿਲਿਆ। ਬੁਲਾਰਿਆਂ ਨੇ ਆਪਣੀ ਵਿਦਵਤਾ ਪੂਰਨ ਦਲੀਲਾਂ ਰਾਹੀਂ ਨਾ ਕੇਵਲ ਪੰਥ ਨੂੰ, ਸਗੋਂ ਸਾਰੀ ਰਾਮਗੜ੍ਹੀਆ ਕੌਮ ਦੀ ਅਣਖ਼ ਨੂੰ ਵੀ ਜਗਾਇਆ ਹੈ। ਇਹ ਬਿਲਕੁਲ ਸੱਚ ਹੈ ਕੀ ਅਜੇ ਤੱਕ ਕਿਸੇ ਵੀ ਯੂਨੀਵਰਸਿਟੀ ਨੇ ਮਹਾਰਾਜਾ ਜੀ ਬਾਰੇ ਚੇਅਰ ਦੀ ਸਥਾਪਨਾ ਨਹੀਂ ਕੀਤੀ, ਨਾ ਹੀ ਪੰਥ ਨੇ ਉਨ੍ਹਾਂ ਦੀ ਯੋਗ ਯਾਦਗਾਰ ਬਣਾਈ ਹੈ। ਬਹੁਤ ਹੀ ਦੁੱਖ ਹੁੰਦਾ ਹੈ ਕਿ ਉਨ੍ਹਾਂ ਦੀਆਂ ਯਾਦਗਾਰਾਂ ਸੰਭਾਲਣ ਵੱਲ ਨਾ ਬਰਾਦਰੀ ਵੱਲੋਂ ਅਤੇ ਨਾ ਹੀ ਕਿਸੇ ਸਰਕਾਰ ਵੱਲੋਂ ਗੰਭੀਰ ਯਤਨ ਕੀਤੇ ਗਏ ਹਨ। ਸੱਚਾਈ ਤਾਂ ਇਹ ਹੈ ਕੀ ਜਿਹੜੀਆਂ ਚੰਦ ਕੁ ਯਾਦਗਾਰਾਂ ਬਚੀਆਂ ਹਨ, ਉਹ ਭੀ ਖੁਰਦ ਬੁਰਦ ਹੋ ਰਹੀਆਂ ਹਨ।“
ਦਲਵਿੰਦਰ ਸਿੰਘ ਘੁੰਮਣ (ਪ੍ਰਧਾਨ, ਯੂਥ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਰਾਂਸ) ਨੇ ਕਿਹਾ ਹੈ, “ ਕੌਮ ਨੂੰ ਬਹੁਤ ਪੱਖੀ ਜਾਗਰੂਕ ਕਰਨ ਹਿੱਤ ਕਾਰਜਾਂ ਵਿੱਚੋਂ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਤੇ ਉਲੀਕੀ ਟੈਲੀ-ਕਾਨਫਰੰਸ ਚੜ੍ਹਦੀ ਕਲਾ ਟੀਵੀ ਤੇ ਕਰਕੇ ਵਧਾਈ ਦੇ ਪਾਤਰ ਬਣੇ ਹੋ। ਜੱਸਾ ਸਿੰਘ ਰਾਮਗੜ੍ਹੀਆ ਦੀ ਕੀਤੀ ਕੁਰਬਾਨੀ ਨੂੰ ਜ਼ਿਆਦਾ ਪ੍ਰਚਾਰ ਪਸਾਰ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਹਨ। ਤੁਹਾਡੀ ਗਿਆਨ ਭਰਪੂਰ ਜਾਣਕਾਰੀ ਦੇ ਲਿਹਾਜ਼ ਨਾਲ ਸਿਆਸੀ ਵਿਤਕਰਾ ਭਾਵਨਾ ਨੇ ਉਹਨਾਂ ਦੀ ਸ਼ਖਸੀਅਤ ਨਾਲ ਇਨਸਾਫ ਨਹੀਂ ਕੀਤਾ।“
ਜੋਤਿੰਦਰ ਸਿੰਘ (ਇੰਜਨੀਅਰ-ਇਨ-ਚੀਫ/ ਰਿਟਾਇਰਡ, ਚਿਤ੍ਰਲੋਕ ਪਟਿਆਲਾ) ਦੀ ਰਾਇ ਹੈ, “ਸਾਰੇ ਵਿਦਵਾਨ ਇਸ ਗੋਸ਼ਟੀ ਦੀ ਕਾਮਯਾਬੀ ਲਈ ਵਧਾਈ ਦੇ ਪਾਤਰ ਹਨ। ਰਾਮਗੜ੍ਹੀਆ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਰੋਸ਼ਨਾਈ ਭਰਪੂਰ ਹਨ। ਸੁਝਾਉ, ਸਕੂਲੀ ਵਿੱਦਿਆ ਦਾ ਹਿੱਸਾ ਬਣਾਉਣਾ, ਵਿੱਦਿਆਰਥੀਆਂ ਨੂੰ ਖੋਜ ਆਰਥਿਕ ਮਦਦ ਅਤੇ ਬਚੀਆਂ ਖੁਚੀਆਂ ਪੁਰਾਣੀਆਂ ਇਮਾਰਤਾਂ ਦੀ ਸੰਭਾਲ਼ ਬਾਰੇ ਜੱਗ ਜ਼ਾਹਰ ਕੀਤਾ।“
ਇੰਦਰਜੀਤ ਸਿੰਘ (ਮੁੱਖ ਸੰਪਾਦਕ, ਸੱਤ ਸਮੁੰਦਰੋਂ ਪਾਰ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀਵੀ, ਲੁਧਿਆਣਾ – ਮੋਹਾਲੀ) ਦਾ ਕਹਿਣਾ ਹੈ, “ਇਹ ਵੀ ਚਿੱਟਾ ਸੱਚ ਹੈ ਕੀ ਅਜੇ ਤਕ ਕਿਸੇ ਵੀ ਯੂਨੀਵਰਸਿਟੀ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਬਾਰੇ ਚੇਅਰ ਦੀ ਸਥਾਪਨਾ ਨਹੀਂ ਕੀਤੀ ਹੈ, ਨਾ ਹੀ ਪੰਥ ਨੇ ਉਨ੍ਹਾਂ ਦੀ ਯੋਗ ਯਾਦਗਾਰ ਬਣਾਈ ਹੈ। ਉਨ੍ਹਾਂ ਦੀ ਯਾਦਗਾਰਾਂ ਸੰਭਾਲਣ ਵੱਲ ਨਾ ਬਰਾਦਰੀ ਵਲੋਂ ਨਾ ਸਰਕਾਰ ਵਲੋਂ ਗੰਭੀਰ ਯਤਨ ਹੋਏ ਹਨ। ਸੱਚਾਈ ਤਾਂ ਇਹ ਹੈ ਕਿ ਜਿਹੜੀਆਂ ਯਾਦਗਾਰਾਂ ਬਚੀਆਂ ਵੀ ਹਨ, ਉਹ ਭੀ ਖਤਮ ਹੋਣ ਕੰਢੇ ਹਨ।
ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ, (ਨੈਸ਼ਨਲ ਐਵਾਰਡੀ), ਨਾਭਾ ਦਾ ਕਹਿਣਾ ਹੈ, “ਵਿਚਾਰ ਚਰਚਾ ਵਿਚ ਯੂਨੀਵਰਸਿਟੀਆਂ ਵਿਚ ਜੱਸਾ ਸਿੰਘ ਰਾਮਗੜ੍ਹੀਆ ਚੇਅਰਾਂ ਸਥਾਪਿਤ ਕਰਨਾ, ਗੋਸ਼ਟੀਆਂ, ਸੈਮੀਨਾਰ ਕਰਵਾਉਣੇ ਆਦਿ ਮੁੱਦੇ ਇਸ ਵਿਚਾਰ ਚਰਚਾ ਦਾ ਹਾਸਲ ਕਹੇ ਜਾ ਸਕਦੇ ਹਨ। ਸਾਰੇ ਬੁਲਾਰਿਆਂ ਨੇ ਵੱਡਮੁੱਲੀ ਇਤਿਹਾਸਕ ਜਾਣਕਾਰੀ ਦਿੱਤੀ ਅਤੇ ਹੋਸਟ ਮੁਨੀਸ਼ ਬਿਆਲਾ ਦੀ ਵਿਸ਼ੇ ਤੇ ਮਜ਼ਬੂਤ ਪਕੜ ਰਹੀ।“
ਲਖਬੀਰ ਸਿੰਘ ਖੰਗੂੜਾ (ਚੀਫ ਐਡੀਟਰ, ਪੰਜਾਬੀ ਹੈਰੀਟੇਜ, ਵੈਨਕੂਵਰ) ਨੇ ਕਿਹਾ ਕਿ ਜੈਤੇਗ ਸਿੰਘ ਅਨੰਤ ਅਤੇ ਸਾਰੇ ਬੁਲਾਰੇ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਜਾਣਕਾਰੀ ਪ੍ਰਦਾਨ ਕੀਤੀ।
ਦਰਸ਼ਨ ਸਿੰਘ ਖ਼ਾਲਸਾ (ਲੁਧਿਆਣਾ) ਕਹਿੰਦੇ ਹਨ, “ਖ਼ੁਸ਼ੀ ਦੀ ਗੱਲ ਹੈ ਕਿ ਕਿਰਤੀ ਕੌਮ ਆਪਣੇ ਪੁਰਖਿਆਂ ਦੇ ਪਦ ਚਿੰਨਾਂ ਚੱਲ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਵਧੀਆ ਉਸਾਰੂ ਸੋਚ ਰੱਖਦੀ ਹੈ। ਸੁਰਿੰਦਰ ਸਿੰਘ ਜੱਬਲ, ਚਰਨਜੀਤ ਸਿੰਘ ਮਰਵਾਹਾ, ਬੰਤਾ ਸਿੰਘ ਸਭੱਰਵਾਲ, ਬਲਵੀਰ ਸਿੰਘ ਚਾਨਾਂ ਤੇ ਮਹਾਨ ਬੁੱਧੀਜੀਵੀ ਜੈਤੇਗ ਸਿੰਘ ਅੰਨਤ ਨੇ ਅਣਛੁਹੇ ਤੱਤਾਂ ਤੇ ਚਾਨਣਾ ਪਾਇਆ ਜੋ ਕਿ ਬਹੁਤ ਹੀ ਵੱਧੀਆ ਲੱਗਿਆ।“
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.co