ਮਨਿੰਦਰਜੀਤ ਸਿੱਧੂ
ਜੈਤੋ, 22 ਮਈ 2020 - ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੋਰਭ ਰਾਜ ਆਈ.ਏ.ਐਸ. ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨਾ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਸਵੈ-ਘੋਸ਼ਣਾ ਫਾਰਮ ਭਰੇ ਗਏ ਸਨ, ਪਰ ਕੁਝ ਕਾਰਨਾਂ ਕਰਕੇ ਉਨਾਂ ਕਿਸਾਨਾਂ ਦੇ ਖਾਤਿਆਂ ਵਿਚ ਅਜੇ ਤੱਕ ਪੈਸੇ ਆਉਣੇ ਸ਼ੁਰੂ ਨਹੀਂ ਹੋਏ ਕਿਉਕਿ ਉਨਾਂ ਵੱਲੋਂ ਦੱਸੇ ਖਾਤਿਆਂ ਦੇ ਨੰਬਰ ਵਿੱਚ ਕੋਈ ਗਲਤੀ ਰਹਿ ਗਈ ਸੀ।
ਅਜਿਹੇ ਕਿਸਾਨ ਇਕ ਸਾਦੇ ਕਾਗਜ ਤੇ ਖਾਤਾ ਨੰਬਰ ਦੁਰਸਤ ਕਰਨ ਦੀ ਅਰਜੀ ਆਪਣੇ ਪਿੰਡ ਦੀ ਮੁਢਲੀ ਸਹਿਕਾਰੀ ਖੇਤੀਬਾੜੀ ਸਭਾ ਦੇ ਸਕੱਤਰ ਜਾਂ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ ਜਮਾਂ ਕਰਵਾ ਸਕਦੇ ਹਨ, ਤਾਂ ਜ਼ੋ ਉਨਾਂ ਦੇ ਗਲਤ ਖਾਤਿਆਂ ਨੂੰ ਦੁਰਸਤ ਕੀਤਾ ਜਾ ਸਕੇ ਅਤੇ ਉਹ ਪੀ.ਐਮ. ਕਿਸਾਨ ਸਕੀਮ ਦਾ ਲਾਭ ਲੈ ਸਕਣ। ਕਿਸਾਨ ਆਪਣੀ ਅਰਜੀ ਦੇ ਨਾਲ ਇਕ ਐਪਲੀਕੇਸ਼ਨ ਸਟੇਟਸ, ਬੈਕਂ ਖਾਤੇ ਦੀ ਫੋਟੋ ਕਾਪੀ ਅਤੇ ਆਪਣੇ ਅਧਾਰ ਕਾਰਡ ਦੀ ਕਾਪੀ ਨੱਥੀ ਕਰਕੇ ਦੇਣ।
ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਨੇਕ ਸਿੰਘ ਰੋਡੇ ਨੇ ਦੱਸਿਆ ਕਿ ਜਿਹੜੇ ਕਿਸਾਨ ਪੀ.ਐਮ. ਕਿਸਾਨ ਯੋਜਨਾ ਦਾ ਲਾਭ ਲੈਣ ਤੋ ਵਾਂਝੇ ਰਹਿ ਗਏ ਸਨ, ਉਹ ਆਪਣੇ ਨਵੇ ਫਾਰਮ ਭਰ ਕੇ ਆਪਣੇ ਨੇੜੇ ਦੀ ਮੁਢਲੀ ਸਹਿਕਾਰੀ ਖੇਤੀਬਾੜੀ ਸਭਾ ਦੇ ਸਕੱਤਰ ਪਾਸ ਮਿਤੀ 1 ਜੂਨ ਤੱਕ ਜਮਾਂ ਕਰਵਾ ਸਕਦੇ ਹਨ।