← ਪਿਛੇ ਪਰਤੋ
ਫਿਰੋਜ਼ਪੁਰ, 23 ਮਈ 2020 - ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਇੱਕ ਗੈਂਗਸਟਰ ਹਵਾਲਾਤੀ ਕੋਲੋਂ ਟੱਚ ਮੋਬਾਇਲ ਫੋਨ ਬਰਾਮਦ ਹੋਇਆ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਕੋਲੋਂ ਫੋਨ ਬਰਾਮਦ ਹੋਇਆ ਹੋਵੇ ਸਗੋਂ ਪਹਿਲਾਂ ਵੀ ਕਈ ਵਾਰ ਕੈਦੀਆਂ ਅਤੇ ਹਵਾਲਾਤੀਆਂ ਕੋਲ਼ੋਂ ਮੋਬਾਇਲ, ਨਸ਼ੀਲੀਆਂ ਵਸਤੂਆਂ ਤੋੰ ਇਲਾਵਾ ਕਈ ਹੋਰ ਇਤਰਾਜ਼ ਯੋਗ ਸਮੱਗਰੀ ਬਰਾਮਦ ਹੋ ਚੁੱਕੀ ਹੈ। ਅੱਜ ਇਕ ਵਾਰ ਫਿਰ ਫਿਰੋਜ਼ਪੁਰ ਕੇਂਦਰੀ ਜੇਲ 'ਚ ਪੁਲਿਸ ਮੁਲਾਜ਼ਮਾਂ ਵੱਲੋਂ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਹਵਾਲਾਤੀ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਤੋਂ ਇਕ ਟੱਚ ਮੋਬਾਇਲ ਫੋਨ ਫੜ੍ਹਿਆ ਗਿਆ ਹੈ। ਦੱਸਣਯੋਗ ਹੈ ਕਿ ਜਦ ਪੁਲਿਸ ਕਰਮਚਾਰੀਆਂ ਵੱਲੋਂ ਕੈਦੀਆਂ ਅਤੇ ਹਵਾਲਾਤੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਉਕਤ ਗੈਂਗਸਟਰ ਵਲੋਂ ਬੜੀ ਚਲਾਕੀ ਨਾਲ ਮੋਬਾਇਲ ਫੋਨ ਨੂੰ ਕੰਧ 'ਚ ਮਾਰ ਕੇ ਉਸ ਦੀ ਟਚ ਤੋੜ ਦਿੱਤੀ ਅਤੇ ਮੋਬਾਇਲ ਫੋਨ ਦੀ ਸਿਮ ਮੂੰਹ 'ਚ ਪਾ ਕੇ ਦੰਦਾਂ ਨਾਲ ਚਬਾ ਕੇ ਤੋੜ ਦਿੱਤੀ । ਕੇਂਦਰੀ ਜੇਲ ਫਿਰੋਜ਼ਪੁਰ ਦੇ ਸੁਪਰੀਡੈਂਟ ਸੁਖਵੰਤ ਸਿੰੰਘ ਦੀ ਸ਼ਿਕਾਇਤ 'ਤੇ ਥਾਣਾ ਸਿਟੀ 'ਚ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Total Responses : 942