ਅਸ਼ੋਕ ਵਰਮਾ
- ਪਿਛਲੇ ਦੋ ਦਿਨਾਂ ’ਚ ਦੋ ਦੀ ਮੌਤ
ਬਠਿੰਡਾ, 23 ਮਈ 2020 - ਬਠਿੰਡਾ ਦੀਆਂ ਸੁੰਨੀਆਂ ਸੜਕਾਂ ਤੇ ਅਵਾਰਾ ਪਸ਼ੂਆਂ ਨੇ ਸ਼ਹਿਰ ਵਾਸੀਆਂ ਨੂੰ ਸ਼ਿਕਾਰ ਬਨਾਉਣਾ ਸ਼ੁਰੂ ਕੀਤਾ ਹੋਇਆ ਹੈ। ਪਿਛਲੇ ਦੋ ਦਿਨਾਂ ਦੌਰਾਨ ਸ਼ਹਿਰ ’ਚ ਹੋਈਆਂ ਦੋ ਮੌਤਾਂ ਨੇ ਨਗਰ ਨਿਗਮ ਵੱਲੋਂ ਸਮੱਸਿਆ ਦਾ ਹੱਲ ਕਰਨ ਦੇ ਕੀਤੇ ਜਾਂਦੇ ਦਾਅਵਿਆਂ ਦਾ ਭਾਂਡਾ ਚੌਰਾਹੇ ’ਚ ਭੰਨ ਦਿੱਤਾ ਹੈ। ਹੁਣ ਤਾਂ ਬੱਚਿਆਂ ਨੂੰ ਇਕੱਲਿਆਂ ਬਾਹਰ ਭੇਜਣ ਤੋਂ ਡਰਨ ਲੱਗੇ ਹਨ ਜਦੋਂਕਿ ਬਜ਼ੁਰਗਾਂ ਦੀ ਤਾਂ ਹਾਦਸਿਆਂ ਕਾਰਨ ਜਾਨ ਸੁੱਕਣੇ ਪਈ ਹੋਈ ਹੈ।
ਬਠਿੰਡਾ ’ਚ ਬੀਤੀ ਰਾਤ ਕਰੀਬ 10 ਵਜੇ ਮਲੋਟ ਰੋਡ ਤੇ ਇੱਕ ਪ੍ਰਈਵੇਟ ਸਕੂਲ ਲਾਗੇ ਮੋਟਰਸਾਈਕਲ ਅੱਗੇ ਅਵਾਰਾ ਢੱਠਾ ਆਉਣ ਨਾਲ ਜੱਗਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮਲੋਟ ਰੋਡ ਬਠਿੰਡਾ ਸਖਤ ਜਖਮੀ ਹੋ ਗਿਆ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਉਸ ਨੂੰ ਹਸਪਤਾਲ ਲਿਆਂਦਾ ਜਿੱਥੇ ਕੁੱਝ ਦੇਰ ਬਾਅਦ ਉਹ ਦਮ ਤੋੜ ਗਿਆ। ਸ਼ਹਿਰ ’ਚ ਇਹ 26ਵੀਂ ਮੌਤ ਹੋਈ ਹੈ ਜਦੋਕਿ ਜਖਮੀਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਇਸੇ ਤਰਾਂ ਹੀ ਮੰਗਲਵਾਰ ਦੇਰ ਰਾਤ ਨੂੰ ਸੋਨਾ ਲਾਲ ਵਾਸੀ ਬਠਿੰੰਡਾ ਮੋਟਰਸਾਈਕਲ ਤੇ ਆ ਰਿਹਾ ਸੀ ਤਾਂ ਅਵਾਰਾ ਪਸ਼ੂ ਨਾਲ ਟਕਰ ਗਿਆ ਜਿਸ ਦੇ ਸਿੱਟੇ ਵਜੋਂ ਉਸ ਦੇ ਪੇਟ ’ਚ ਸਿੰਗ ਵੱਜਿਆ। ਸੋਨਾ ਲਾਲ ਗੰਭੀਰ ਜਖਮੀ ਹੋ ਗਿਆ ਅਤੇ ਸਹਾਰਾ ਜਨ ਸੇਵਾ ਵੱਲੋਂ ਕੀਤੇ ਯਤਨਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾਂ ਜਾ ਸਕਿਆ ਹੈ।
ਰੌਚਕ ਤੱਥ ਹੈ ਕਿ ਨਗਰ ਨਿਗਮ ਨੇ ਤਾਂ ਸ਼ਹਿਰ ’ਚ ਕਾਓ ਟੈਕਸ ਵੀ ਲਗਾਇਆ ਹੋਇਆ ਹੈ ਜਿਸ ਤੋਂ ਸਲਾਨਾ 8 ਕਰੋੜ ਰੁਪਏ ਇਕੱਤਰ ਹੋਣ ਦਾ ਅਨੁਮਾਨ ਹੈ । ਸ਼ਹਿਰ ਵਾਸੀ ਆਖਦੇ ਹਨ ਕਿ ਹਰ ਸਾਲ ਜੇਬਾਂ ਕਟਵਾਉਣ ਦੇ ਬਾਵਜੂਦ ਆਮ ਆਦਮੀ ਦੇ ਹਿੱਸੇ ਸਿਫਰ ਮੌਤ ਜਾਂ ਜਿੰੰਦਗੀ ਭਰ ਦੇ ਜਖਮ ਆਉਂਦੇ ਹਨ ਪਰ ਅਧਿਕਾਰੀਆਂ ਨੂੰ ਕੁੱਝ ਯਾਂਦ ਨਹੀਂ ਹੈ।ਪ੍ਰਸ਼ਾਸ਼ਨ ਦਾਅਵਾ ਕਰ ਰਿਹਾ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਪਰ ਹੁਣ ਤੱਕ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ ਹੈ ।
ਲਾਈਨੋਪਾਰ ਇਲਾਕੇ ਦੇ ਆਗੂ ਸੰਜੀਵ ਕੁਮਾਰ ਸੋਨੀ ਦਾ ਕਹਿਣਾ ਸੀ ਕਿ ਜਦੋਂ ਕੋਈ ਵੀ ਵਿਅਕਤੀ ਦੁਪਹੀਆ ਵਾਹਨ ਤੇ ਜਾ ਰਿਹਾ ਹੁੰਦਾ ਹੈ ਤਾਂ ਅਚਾਨਕ ਪਸ਼ੂ ਸਾਹਮਣੇ ਆ ਜਾਂਦੇ ਹਨ ਜਿਸ ਕਰਕੇ ਬਚਾਅ ਕਰਨਾ ਔਖਾ ਹੋ ਜਾਂਦਾ ਹੈ । ਉਨਾਂ ਕਿਹਾ ਕਿ ਮੋਟਰਸਾਈਕਲ ਚਾਲਕਾਂ ਦੇ ਤਾਂ ਪਸ਼ੂਆਂ ਤੋਂ ਬਚਣ ਦੇ ਚੱਕਰ ‘ਚ ਕਈ ਹਾਦਸੇ ਵਾਪਰ ਚੁੱਕੇ ਹਨ। ਮਾਮਲੇ ਦਾ ਦੁਖਦਾਇਕ ਪਹਿਲੂ ਹੈ ਕਿ ਸ਼ਹਿਰ ਵਾਸੀ ਪਿਛਲੇ ਦਸ ਵਰਿਆਂ ਤੋਂ ਅਵਾਰਾ ਪਸ਼ੂਆਂ ਦੇ ਸੰਕਟ ਨਾਲ ਜੂਝ ਰਹੇ ਹਨ। ਦੱਸਣਯੋਗ ਹੈ ਕਿ ਲਾਵਾਰਿਸ ਪਸ਼ੂਨ ਦਾ ਮਾਮਲਾ ਅਦਾਲਤ ’ਚ ਵੀ ਗਿਆ ਸੀ ਜਿੱਥੇ ਜਵਾਬ ਦੇਣ ਮੌਕੇ ਨਿਗਮ ਨੇ ਕੁੱਝ ਪਸ਼ੂ ਕਾਬੂ ਕਰਕੇ ਖਾਨਾਪੂਰਤੀ ਕਰ ਦਿੱਤੀ ਪਰ ਮਸਲਾ ਜਿਓਂ ਦਾ ਤਿਓਂ ਰਿਹਾ।
ਪ੍ਰਾਪਤ ਜਾਣਕਾਰੀ ਮੁਤਾਬਕ ਕਈ ਵਰੇ ਪਹਿਲਾਂ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਜਿਲਾ ਪੱਧਰ ਤੇ ‘ਐਨੀਮਲ ਵੈਲਫੇਅਰ ਸੁਸਾਇਟੀ’ ਦਾ ਗਠਨ ਕੀਤਾ ਗਿਆ ਸੀ ਜਿਸਦੇ ਮੈਂਬਰ ਸਮਾਜਸੇਵੀ ਸੰਸਥਾਵਾਂ ਦੇ ਕਾਰਕੁੰਨ ਬਣਾਏ ਗਏ ਸਨ ਜਦੋਂਕਿ ਡਿਪਟੀ ਕਮਿਸ਼ਨਰ ਨੂੰ ਅਹੁਦੇ ਨਾਤੇ ਚੇਅਰਮੈਨ ਨਿਯੁਕਤ ਕੀਤਾ ਸੀ । ਤੱਤਕਾਲੀ ਡਿਪਟੀ ਨੇ ਸੁਸਾਇਟੀ ਨੂੰ ਪਿੰਡ ਜੱਸੀਬਾਗ ਵਾਲੀ ਕੋਲ 15 ਏਕੜ ਜਮੀਨ ਗੳੂਸ਼ਾਲਾ ਦੀ ਖਾਤਰ ਵਰਤੋਂ ਕਰਨ ਦਾ ਮਤਾ ਵੀ ਪਾਸ ਕਰਵਾ ਦਿੱਤਾ ਸੀ ਪਰ ਡੀਸੀ ਦੇ ਤਬਾਦਲੇ ਤੋਂ ਬਾਅਦ ਇਹ ਸਕੀਮ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ।
ਸਾਲ 2009 ’ਚ ਪ੍ਰਸ਼ਾਸ਼ਨ ਨੇ ਇੱਕ ਕਰੋੜ ਰੁਪਏ ਖਰਚ ਕਰਕੇ ਸ਼ਹਿਰ ਦੇ ਦਾਖਲ ਹੋਣ ਵਾਲੇ 15 ਰਸਤਿਆਂ ਤੇ ਪਸ਼ੂਆਂ ਨੂੰ ਕਾਬੂ ਕਰਨ ਦਾ ਕੰਮ ਆਰੰਭ ਕੀਤਾ ਪਰ ਇਹ ਯੋਜਨਾ ਦਮ ਤੋੜ ਗਈ। ਸਾਲ 2013 ‘ਚ ਇੱਕ ਵਾਰ ਫਿਰ ਨਗਰ ਨਿਗਮ ਨੇ ਅਵਾਰਾ ਪਸ਼ੂਆਂ ਨੂੰ ਫੜਨ ਦਾ ਕੰਮ ਠੇਕੇ ਤੇ ਦੇਣ ਦੀ ਸਕੀਮ ਬਣਾਕੇ ਅਰਜੀਆਂ ਦੀ ਮੰਗ ਕੀਤੀ ਸੀ। ਪ੍ਰਾਈਵੇਟ ਕੰਪਨੀ ਨੇ ਇਸ ਕੰਮ ਲਈ 65 ਲੱਖ ਰੁਪਏ ਸਲਾਨਾ ਮੰਗ ਲਏ ਜਿਸਨੂੰ ਜਿਆਦਾ ਦੱਸਦਿਆਂ ਨਿਗਮ ਨੇ ਪੈਰ ਪਿੱਛੇ ਹਟਾ ਲਏ। ਇਸ ਤੋਂ ਬਾਅਦ ਵੀ ਨਗਰ ਨਿਗਮ ਨੇ ਟੈਂਡਰ ਜਾਰੀ ਕੀਤੇ ਪਰ ਕਿਸੇ ਕੰਪਨੀ ਨੇ ਦਿਲਚਸਪੀ ਨਹੀਂ ਦਿਖਾਈ।
ਉਸ ਮਗਰੋਂ ਕਈ ਗਊਸ਼ਾਲਾਵਾਂ ਨੂੰ ਡਾਈਟ ਮਨੀ ਦੇਣੀ ਸ਼ੁਰੂ ਕਰ ਦਿੱਤੀ ਗਈ। ਹਰਰਾਏਪੁਰ ’ਚ ਗਊਸ਼ਾਲਾ ਦੀ ਉਸਾਰੀ ਵੀ ਕੀਤੀ ਹੈ ਫਿਰ ਵੀ ਮਸਲਾ ਹੱਲ ਨਹੀਂ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ’ਚ ਅਜੇ ਵੀ ਚਾਰ ਤੋਂ ਪੰਜ ਹਜਾਰ ਅਵਾਰਾ ਪਸ਼ੂ ਘੁੰਮ ਰਹੇ ਹਨ ਜਦੋਂਕਿ ਜਿਲੇ ਭਰ ’ਚ ਇਹ ਗਿਣਤੀ 10 ਤੋਂ 12 ਹਜਾਰ ਦੱਸੀ ਜਾ ਰਹੀ ਹੈ। ਪ੍ਰਸ਼ਾਸ਼ਨ ਦਾ ਪੱਖ ਜਾਨਣ ਲਈ ਨਗਰ ਨਿਗਮ ਦੇ ਐਸਈ ਸੰਦੀਪ ਗੁਪਤਾ ਨੇ ਫੋਨ ਨਹੀਂ ਚੁੱਕਿਆ।
ਸਮੱਸਿਆ ਪ੍ਰਤੀ ਸੰਜੀਦਾ ਨਹੀਂ ਪ੍ਰਸ਼ਾਸ਼ਨ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਪਿਛਲੇ ਕਈ ਵਰਿਆਂ ਤੋਂ ਅਵਾਰਾ ਪਸ਼ੂਆਂ ਦਾ ਸੰਕਟ ਹੈ ਪਰ ਨਗਰ ਨਿਗਮ ਸੰਜੀਦਾ ਨਹੀਂ ਹੈ ਜਿਸ ਕਰਕੇ ਸ਼ਹਿਰ ‘ਚ ਹਜਾਰਾਂ ਪਸ਼ੂ ਘੁੰਮ ਰਹੇ ਹਨ। ਉਨਾਂ ਆਖਿਆ ਕਿ ਪ੍ਰਸ਼ਾਸ਼ਨ ਸਮੱਸਿਆ ਨੂੰ ਗੰਭੀਰਤਾ ਨਾਲ ਲਏ ਕਿਉਂਕਿ ਅਵਾਰਾ ਪਸ਼ੂਆਂ ਕਾਰਨ ਮੌਤਾਂ ਹੋਣ ਲੱਗੀਆਂ ਹਨ ਜੋਕਿ ਚਿੰਤਾਜਨਕ ਹੈ।