ਫਿਰੋਜ਼ਪੁਰ, 23 ਮਈ 2020 : ਐੱਸਟੀਐੱਫ ਰੇਂਜ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਕੋਲੋਂ 22 ਗ੍ਰਾਮ ਹੈਰੋਇਨ ਅਤੇ 22 ਹਜ਼ਾਰ ਦੀ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਦੋ ਵਿਅਕਤੀਆਂ ਖਿਲਾਫ ਥਾਣਾ ਘੱਲਖੁਰਦ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਸਵਿੰਦਰ ਸਿੰਘ ਇੰਚਾਰਜ਼ ਐੱਸਟੀਐੱਫ ਰੇਂਜ ਫਿਰੋਜ਼ਪੁਰ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਏਐੱਸਆਈ ਬੂਟਾ ਸਿੰਘ ਦੀ ਅਗਵਾਈ ਵਿਚ ਗਸ਼ਤ ਵਾਂ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਬੱਸ ਅੱਡਾ ਠੇਠਰ ਕਲਾਂ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਜਗਮੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਮਿਸ਼ਰੀਵਾਲਾ ਹੈਰੋਇਨ ਦਾ ਧੰਦਾ ਕਰਨ ਦਾ ਆਦੀ ਹੈ ਤੇ ਪਿੰਡ ਮਿਸ਼ਰੀ ਵਾਲਾ ਦੇ ਆਸ ਪਾਸ ਦੇ ਲੋਕਾਂ ਨੂੰ ਸਪਲਾਈ ਕਰਦਾ ਹੈ, ਜੋ ਹੁਣ ਵੀ ਜਗਰੂਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਸੋਢੀ ਨਗਰ ਪਾਸੋਂ ਹੈਰੋਇਨ ਖਰੀਦਣ ਲਈ ਗਿਆ ਹੈ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਦੋਸ਼ੀ ਜਗਮੀਤ ਸਿੰਘ ਨੂੰ ਕਾਬੂ ਕੀਤਾ ਤੇ ਇਸ ਕੋਲੋਂ 22 ਗ੍ਰਾਮ ਹੈਰੋਇਨ ਤੇ 22 ਹਜ਼ਾਰ ਰੁਪਏ ਦੇ ਡਰੱਗ ਮਈ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਜਗਮੀਤ ਸਿੰਘ ਗ੍ਰਿਫਤਾਰ ਹੈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।