ਪਰਵਿੰਦਰ ਸਿੰਘ ਕੰਧਾਰੀ
- ਹੁਣ ਜਿਲ੍ਹੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 10 ਹੋਈ
- ਘਰ ਜਾ ਰਹੇ ਲੋਕਾਂ ਵੱਲੋਂ ਚੰਗੇ ਪ੍ਰਬੰਧਾਂ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ
ਫ਼ਰੀਦਕੋਟ, 23 ਮਈ 2020 - ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਈਸੋਲੇਸ਼ਨ ਵਾਰਡ ਵਿੱਚ ਭਰਤੀ 16 ਕੋਰੋਨਾ ਮਰੀਜ਼ਾਂ ਵਿੱਚੋਂ 6 ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ। ਇਹ ਲੋਕ ਹਜ਼ੂਰ ਸਾਹਿਬ ਨੰਦੇੜ ਤੋਂ ਪਰਤੇ ਸ਼ਰਧਾਲੂ ਅਤੇ ਰਾਜਸਥਾਨ ਤੋਂ ਪਰਤੀ ਲੇਬਰ ਨਾਲ ਸਬੰਧਤ ਹਨ ,ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਉਨ੍ਹਾਂ ਨੂੰ ਇੱਥੋਂ ਦੀ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਸੀ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 45 ਲੋਕਾਂ ਨੂੰ ਇਥੋਂ ਪਹਿਲਾਂ ਹੀ ਠੀਕ ਹੋਣ ਉਪਰੰਤ ਘਰ ਭੇਜਿਆ ਜਾ ਚੁੱਕਾ ਹੈ।
ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਈਸੋਲੇਸ਼ਨ ਵਾਰਡ ਵਿੱਚੋਂ ਇਨ੍ਹਾਂ ਲੋਕਾਂ ਨੂੰ ਘਰ ਭੇਜਣ ਸਮੇਂ ਡਾ. ਕਿਰਨ ਨੋਡਲ ਅਫਸਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਡਾ. ਅਨੀਤਾ ਮੈਡੀਸਨ , ਡਾ. ਅਨੀਤਾ ਵਿਸਲ ਹਸਪਤਾਲ ਫਰੀਦਕੋਟ ਹਾਜ਼ਰ ਸਨ । ਉਨ੍ਹਾਂ ਇਨ੍ਹਾਂ ਨੂੰ ਘਰ ਜਾਣ ਸਮੇਂ ਸ੍ਰੀ ਗੁਟਕਾ ਸਾਹਿਬ ਭੇਟ ਕੀਤੇ ਅਤੇ ਇਨ੍ਹਾਂ ਲੋਕਾਂ ਦੀ ਸਿਹਤਯਾਬੀ ਲਈ ਸ਼ੁੱਭ ਇਛਾਵਾਂ ਦਿੱਤੀਆਂ ਤੇ ਇਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਵਿਸੇਸ਼ ਬੱਸਾਂ ਰਾਹੀਂ ਉਨ੍ਹਾਂ ਦੇ ਘਰ ਤੱਕ ਭੇਜਿਆ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਨੀਤਾ ਨੋਡਲ ਅਫਸਰ ਕਰੋਨਾ 19 ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿੱਚ ਜ਼ਿਲ੍ਹੇ ਨਾਲ ਸਬੰਧਤ ਕੁੱਲ 16 ਕਰੋਨਾ ਪਾਜਟਿਵ ਮਰੀਜ਼ ਸਨ ,ਜਿਨ੍ਹਾਂ ਵਿੱਚੋਂ ਅੱਜ 6 ਮਰੀਜ਼ਾਂ ਨੂੰ ਸਿਹਤਯਾਬ ਹੋਣ ਅਤੇ ਇਨ੍ਹਾਂ ਦੀ ਕਰੋਨਾ ਰਿਪੋਰਟ ਨੈਗਟਿਵ ਆਉਣ ਮਗਰੋਂ ਛੁੱਟੀ ਦਿੱਤੀ ਗਈ ਹੈ ਅਤੇ ਹੁਣ 10 ਐਕਟਿਵ ਮਰੀਜ ਜੋ ਹੁਣ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚ ਰਹਿ ਗਏ ਹਨ।
ਇਕ ਮੌਕੇ ਗੁਰੂ ਗੋਬਿੰਦ ਸਿਘ ਮੈਡੀਕਲ ਕਾਲਜ ਮੈਡੀਕਲ ਸੁਪਰਡੈਂਟ ਡਾ ਰਜੀਵ ਜੋਸ਼ੀ ਨੇ ਦੱਸਿਆ ਕਿ ਹਸਪਤਾਲ ਤੋਂ ਘਰ ਭੇਜੇ ਗਏ ਵਿਅਕਤੀ ਦੇ ਮੋਬਾਈਲ ਵਿੱਚ ਕੋਵਾ ਐਪ ਵੀ ਡਾਊਨਲੋਡ ਕਰਵਾਈ ਗਈ ਹੈ ਜਿਸ ਅਨੁਸਾਰ ਇੱਕ ਤਾਂ ਇਸ ਐਪ ਵਿੱਚ ਜੀ ਪੀ ਐੱਸ ਟਰੈਕਰ ਰਾਹੀਂ ਇਨ੍ਹਾਂ ਵਿਅਕਤੀਆਂ ਨੂੰ ਟਰੈਕ ਕੀਤਾ ਜਾਵੇਗਾ ਕਿ ਇਨ੍ਹਾਂ ਵਿੱਚੋਂ ਕੋਈ ਵੀ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕਰਦਾ ਅਤੇ ਦੂਜਾ ਰੋਜ਼ਾਨਾ ਇਸ ਐਪ ਵਿੱਚ ਇਨ੍ਹਾਂ ਵਿਅਕਤੀਆਂ ਵੱਲੋਂ ਆਪਣੀ ਹੈਲਥ ਸਬੰਧੀ ਅੱਪਡੇਟ ਵੀ ਕੀਤਾ ਜਾਵੇਗਾ ।
ਇਸ ਮੌਕੇ ਘਰ ਜਾਣ ਵਾਲੇ ਲੋਕਾਂ ਨੇ ਉਨ੍ਹਾਂ ਦੀ ਚੰਗੀ ਦੇਖਭਾਲ ,ਵਧੀਆ ਖਾਣੇ ਅਤੇ ਸਮੇਂ ਸਿਰ ਦਵਾਈ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਮੈਡੀਕਲ ਕਾਲਜ ਦੇ ਸਟਾਫ਼,ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ।
ਇਸ ਮੌਕੇ ਸ੍ਰੀਮਤੀ ਮਨਜੀਤ ਕੌਰ, ਸ੍ਰੀ ਕੁਲਬੀਰ, ਸ੍ਰੀਮਤੀ ਸੁਰਜੀਤ ਕੌਰ ਤੋਂ ਇਲਾਵਾ ਪੈਰਾਮੈਡੀਕਲ ਸਟਾਫ ਵੀ ਹਾਜ਼ਰ ਸੀ।