ਅਸ਼ੋਕ ਵਰਮਾ
ਬਠਿੰਡਾ, 23 ਮਈ 2020 - ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੇ ਸਿਵਲ ਇੰਜ. ਵਿਭਾਗ ਵੱਲੋਂ ਬੀ.ਟੈੱਕ (ਸਿਵਲ ਇੰਜਨੀਅਰਿੰਗ) ਦੇ ਵਿਦਿਆਰਥੀਆਂ ਲਈ ‘ਜੀਓਮੈਟਿਕਸ ਇੰਜਨੀਅਰਿੰਗ ਵਿੱਚ ਨਵੀਨ ਰੁਝਾਨ’ ਵਿਸ਼ੇ ਬਾਰੇ ਇੱਕ ਆਨਲਾਈਨ ਮਾਹਿਰ ਭਾਸ਼ਣ ਕਰਵਾਇਆ ਗਿਆ। ਜਿਸ ਵਿੱਚ ਡਾ. ਰਾਹੁਲ ਦੇਵ ਗਰਗ, ਪ੍ਰੋਫੈਸਰ, ਸਿਵਲ ਇੰਜਨੀਅਰਿੰਗ ਵਿਭਾਗ, ਆਈ.ਆਈ.ਟੀ., ਰੁੜਕੀ ਨੇ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ। ਬੀ.ਟੈੱਕ (ਸਿਵਲ ਇੰਜ.) ਦੇ ਦੂਜੇ, ਚੌਥੇ, ਛੇਵੇਂ ਅਤੇ ਅੱਠਵੇਂ ਸਮੈਸਟਰ ਦੇ 40 ਤੋਂ ਵਧੇਰੇ ਵਿਦਿਆਰਥੀਆਂ ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਇਸ ਭਾਸ਼ਣ ਵਿੱਚ ਹਿੱਸਾ ਲਿਆ। ਇਸ ਭਾਸ਼ਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਣਾ ਅਤੇ ਉਨਾਂ ਨੂੰ ਜੀ.ਪੀ.ਐਸ. ਦੀਆਂ ਵੱਖ-ਵੱਖ ਪ੍ਰਣਾਲੀਆਂ ਬਾਰੇ ਜਾਣੂ ਕਰਵਾਉਣਾ ਸੀ।
ਡਾ. ਰਾਹੁਲ ਦੇਵ ਨੇ ਵਿਦਿਆਰਥੀਆਂ ਨਾਲ ਰਿਮੋਟ ਸੈਂਸਿੰਗ ਦੀ ਤਕਨੀਕ ਲਾਈਟ ਡਿਟੈਕਸ਼ਨ ਐਂਡ ਰੈਂਜਿੰਗ (ਲੀਡਾਰ) ਦੀ ਜਾਣ ਪਛਾਣ ਤੋਂ ਇਲਾਵਾ ਰਿਮੋਟ ਸੈਸਿੰਗ ਵਿੱਚ ਟਰੈਕ ਸਕੈਨਿੰਗ, ਜੀਓ ਸਟੇਸ਼ਨਰੀ ਅਤੇ ਸੂਰਜ ਸਮਕਾਲੀ ਸੈਟੇਲਾਈਟਾਂ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨਾਂ ਨੇ ਭਾਰਤ ਦਾ ਸਮਾਰਟ ਨਕਸ਼ਾ ਵੀ ਵਿਦਿਆਰਥੀਆਂ ਨੂੰ ਦਿਖਾਇਆ ਅਤੇ ਸੈਟੇਲਾਈਟ ਨਾਲ ਲਈਆਂ ਕੁੱਝ ਪ੍ਰਸਿੱਧ ਇਤਿਹਾਸਕ ਥਾਵਾਂ ਜਿਵੇਂ ਆਈਫ਼ਲ ਟਾਵਰ (ਪੈਰਿਸ), ਲੋਟਸ ਟੈਂਪਲ (ਭਾਰਤ) ਅਤੇ ਹਿਮਾਂਯੂੂ ਦਾ ਮਕਬਰਾ (ਭਾਰਤ) ਆਦਿ ਦੀਆਂ ਤਸਵੀਰਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ । ਇਹ ਮਾਹਿਰ ਭਾਸ਼ਣ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਰਿਹਾ ।
ਅੰਤ ਵਿੱਚ ਸਿਵਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਵੱਲੋਂ ਡਾ. ਰਾਹੁਲ ਦੇਵ ਦਾ ਵਿਦਿਆਰਥੀਆਂ ਦੇ ਨਾਲ ਆਪਣੇ ਗਿਆਨ ਅਤੇ ਕੀਮਤੀ ਤਜਰਬੇ ਸਾਂਝੇ ਕਰਨ ਲਈ ਧੰਨਵਾਦ ਕੀਤਾ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਗੋਇਲ ਨੇ ਅਜਿਹੇ ਜਾਣਕਾਰੀ ਭਰਪੂਰ ਭਾਸ਼ਣ ਦੇ ਆਯੋਜਨ ਲਈ ਸਿਵਲ ਇੰਜਨੀਅਰਿੰਗ ਵਿਭਾਗ ਦੇੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।