ਅਸ਼ੋਕ ਵਰਮਾ
ਚੰਡੀਗੜ੍ਹ, 23 ਮਈ 2020 - ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ-ਕਮੇਟੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖ਼ਲੇ ਵਧਾਉਣ ਲਈ ਵਿਸ਼ੇਸ਼-ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਸੂਬਾ-ਕਮੇਟੀ ਦੀ ਆਨਲਾਈਨ-ਮੀਟਿੰਗ ਦੌਰਾਨ ਜਨਤਕ-ਸਿੱਖਿਆ ਪ੍ਰਣਾਲੀ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਦੇ ਇਰਾਦੇ ਨਾਲ ਇਹ ਫੈਸਲਾ ਲਿਆ ਗਿਆ ਹੈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ 4 ਸਤੰਬਰ ਤੋਂ 2 ਅਪ੍ਰੈਲ ਤੱਕ ਪੱਕਾ-ਧਰਨਾ ਲਾ ਕੇ ਅਤੇ ਕਰੀਬ 10 ਵਾਰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਰਾਹੀਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ-ਸੰਘਰਸ਼ ਲੜਨ ਵਾਲੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਕਰੋਨਾ-ਸੰਕਟ ਦੌਰਾਨ ਕੀਤੇ ਇਸ ਐਲਾਨ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਮੀਟਿੰਗ ਦੌਰਾਨ ਵਿਚਾਰ-ਚਰਚਾ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ ਅਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਕਿਹਾ ਕਿ 1991 ਤੋਂ ਦੇਸ਼ ‘ਚ ਲਾਗੂ ਕੀਤੀਆਂ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਜਨਤਕ ਅਦਾਰਿਆਂ ਨੂੰ ਵੱਡੀ ਢਾਹ ਲੱਗੀ ਹੈ।
ਉਨਾਂ ਕਿਹਾ ਕਿ ਇਸ ਦੌਰਾਨ ਸੱਤਾ ’ਚ ਆਈਆਂ ਸਰਕਾਰਾਂ ਨੇ ਸਿੱਖਿਆ ਅਤੇ ਸਿਹਤ ਆਦਿ ਵਿਭਾਗਾਂ ਨੂੰ ਨਿੱਜੀ ਹੱਥਾਂ ‘ਚ ਸੌਂਪਣ ਦੀਆਂ ਨੀਤੀਆਂ ਲਿਆਂਦੀਆਂ ਹਨ ਜਿਸਦਾ ਵੱਡਾ ਪ੍ਰਭਾਵ ਲੋਕਾਂ ਨੂੰ ਹੁਣ ਵੇਖਣਾ ਪੈ ਰਿਹਾ ਹੈ । ਇਸ ਦੀ ਮਿਸਾਲ ਨਿੱਜੀ-ਵਿਦਿਅਕ ਅਦਾਰਿਆਂ ਵੱਲੋਂ ਮਾਪਿਆਂ ਤੋਂ ਮੋਟੀਆਂ ਫੀਸਾਂ ਵਸੂਲਣ ਅਤੇ ਅਧਿਆਪਕਾਂ ਦੀ ਛਾਂਟੀ ਕਰਕੇ ਬੇਰੁਜ਼ਗਾਰੀ ਵੱਲ ਧੱਕ ਤੋਂ ਮਿਲਦੀ ਹੈ। ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਅਤੇ ਲੋਕਾਂ ਦੇ ਨੇੜੇ ਲਿਜਾਣ ਲੲਂ ਬੇਰੁਜ਼ਗਾਰ ਬੀਐੱਡ ਅਧਿਆਪਕਂ ਸੂਬੇ ਭਰ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਸ਼ੋਸ਼ਲ-ਮੀਡੀਆ ਰਾਹੀਂ ਪ੍ਰਚਾਰ ਅਤੇ ਨਿੱਜੀ-ਯਤਨ ਕੀਤੇ ਜਾਣਗੇ।
ਇਸ ਦੌਰਾਨ ਸੂਬਾ-ਕਮੇਟੀ ਨੇ ਫੈਸਲਾ ਕੀਤਾ ਕਿ ਨਿੱਜੀ-ਵਿਦਿਅਕ ਅਦਾਰਿਆਂ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਰੋਕਣ ਅਤੇ ਛਾਂਟੀ ਕਰਨ ਖ਼ਿਲਾਫ਼ ਵੀ ਸੰਘਰਸ਼ ਲੜਿਆ ਜਾਵੇਗਾ। ਆਗੂਆਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਮੰਗ ਕੀਤੀ ਕਿ ਮਾਸਟਰ ਕਾਡਰ ਦੀਆਂ 2182 ਅਸਾਮੀਆਂ ‘ਚ ਵਾਧਾ ਕਰਦਿਆਂ ਸਾਰੇ ਵਿਸ਼ਿਆਂ ਦੇ 15 ਹਜ਼ਾਰ ਅਧਿਆਪਕ ਭਰਤੀ ਕੀਤੇ ਜਾਣ, ਸਰਕਾਰੀ ਸਕੂਲਾਂ ਦੇ ਬੁਨਿਆਦੀ-ਢਾਂਚੇ ਨੂੰ ਵਿਕਸਿਤ ਕੀਤਾ ਜਾਵੇ।