ਅਸ਼ੋਕ ਵਰਮਾ
ਬਠਿੰਡਾ, 23 ਮਈ 2020 - ਪੰਜਾਬ ਲਾਅ ਫੋਰਮ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਕਲਰਕ ਜੋਤੀ ਦੀ ਮੌਤ ਲਈ ਇਨਸਾਫ ਦੀ ਮੰਗ ਕੀਤੀ ਹੈ। ਆਗੂਆਂ ਨੇ ਆਖਿਆ ਹੈ ਕਿ ਫੋਰਮ ਪੀੜਤ ਪ੍ਰੀਵਾਰ ਦੀ ਕਾਨੂੰਨੀ ਸਹਾਇਤਾ ਕਰੇਗੀ। ਇਸੇ ਤਰਾਂ ਹੀ ਇਸ ਮੁੱਦੇ ਤੇ ਬਣੀ ਸੰਘਰਸ਼ ਕਮੇਟੀ ਨੇ ਤੇਵਰ ਤਿੱਖੇ ਕਰਦਿਆਂ ਐਲਾਨ ਕੀਤਾ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਉਹ ਚੁੱਪ ਕਰਕੇ ਨਹੀਂ ਬੈਠੇਗੀ। ਲਾਅ ਫੋਰਮ ਦੇ ਆਗੂ ਐਡਵੋਕੇਟ ਐਮਐਮ ਬਹਿਲ ਦਾ ਕਹਿਣਾ ਸੀ ਕਿ ਜੋਤੀ ਦੀ ਇਸ ਤਰਾਂ ਹੋਈ ਮੌਤ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਨਾਂ ਕਿਹਾ ਕਿ ਪ੍ਰੀਵਾਰ ਅਨੁਸਾਰ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਉਸ ਨੂੰ ਕਰਫਿਊ ਨਿਯਮਾਂ ਦੀ ਉਲੰਘਣਾ ਕਰਕੇਐਤਵਾਰ ਨੂੰ ਬੁਲਾਇਆ ਸੀ ਜਦੋਂਕਿ ਦੂਸਰੇ ਸਟਾਫ ਮੈਂਬਰ ਉਸੇ ਦਿਨ ਸੱਦੇ ਨਹੀਂ ਗਏ ਜੋਕਿ ਸ਼ੱਕ ਪੈਦਾ ਕਰਦਾ ਹੈ। ਉਨਾਂ ਕਿਹਾ ਕਿ ਅਦਾਰੇ ’ਚ ਸੀਸੀਟੀਵੀ ਕੈਮਰੇ ਵੀ ਕੰਮ ਨਹੀਂ ਕਰ ਰਹੇ ਸਨ ਇਹ ਸ਼ੱਕ ਨੂੰ ਵਧਾਉਣ ਲਈ ਕਾਫੀ ਹੈ। ਉਨਾਂ ਮੰਗ ਕੀਤੀ ਕਿ ਜੋਤੀ ਦੀ ਮੌਤ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੜਤਾਲ ਵਿਚ ਦੋਸ਼ੀ ਠਹਿਰਾਏ ਗਏ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਫੋਰਮ ਆਗੂ ਨੇ ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਨੂੰ ਐਤਵਾਰ ਜਾਂ ਛੁੱਟੀ ਵਾਲੇ ਦਿਨ ਕਰਮਚਾਰੀਆਂ ਨੂੰ ਨਾ ਬੁਲਾਉਣ ਲਈ ਆਦੇਸ਼ ਜਾਰੀ ਕਰਨ ਲਈ ਵੀ ਕਿਹਾ।
ਉੱਧਰ ਜੋਤੀ ਦੀ ਮੌਤ ਦੇ ਜਿੰਮਵਾਰਾਂ ਨੂੰ ਸਜ਼ ਅਤੇ ਮਿ੍ਰਤਕਾ ਦੇ ਪਰਿਵਾਰ ਨੂੰ ਇਨਸਾਫ ਦਿਵਾਉ ਲਈ ਬਣੀ ਐਕਸਨ ਕਮੇਟੀ ਨੇ ਜੋਤੀ ਦੀ ਮੌਤ ਨੂੰ ਖੁਦਕੁਸ਼ੀ ਕਹਿਣ ਨੂੰ ਗੁੰਮਰਾਹਕੁਨ ਪ੍ਰਚਾਰ ਕਰਾਰ ਦਿੱਤਾ। ਉਨਾਂ ਕਿਹਾ ਕਿ ਜੋਤੀ ਬਹਾਦਰ ਅਤੇ ਉੱਚੇ ਵਿਚਾਰਾਂ ਵਾਲੀ ਲੜਕੀ ਸੀ, ਜੋ ਖੁਦਕਸ਼ੀ ਕਰਨ ਬਾਰੇ ਸੋਚ ਹੀ ਨਹੀਂ ਸਕਦੀ। ਜੋਤੀ ਦੀ ਮੌਤ ਸਾਜਿਸ਼ ਕਾਰਰ ਦਿੰਦਿਆਂ ਉਨਾਂ ਕਿਹਾ ਕਿ ਕਰਫਿਊ ਦੌਰਾਨ, ਜੋਤੀ ਨੂੰ ਡਿਊਟੀ ਕਰਨ ਲਈ ਘਰੋਂ ਸੱਦਣਾ ਇੱਕ ਵੱਡਾ ਸਵਾਲ ਬਣ ਗਿਆ ਹੈ ਜਿਸ ਦਾ ਉੱਤਰ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਇਸ ਕੰਮ ਲਈ ਯੂਨੀਵਰਸਿਟੀ ਦੇ ਅਧਿਕਾਰੀ ਕਥਿਤ ਤੌਰ ‘ਤੇ ਕਸੂਰਵਾਰ ਹਨ, ਜਿੰਨਾਂ ਤੋਂ ਪੁੱਛ ਪੜਤਾਲ ਕੀਤੀ ਜਾਏ ਤਾਂ ਵੱਡੇ ਖੁਲਾਸੇ ਹੋ ਸਕਦੇ ਹਨ। ਉਨਾਂ ਆਖਿਆ ਕਿ ਜੋਤੀ ਨੂੰ ਉਸ ਦੇ ਕੁੱਝ ਪੁਰਸ਼ ਸਾਥੀ ਵੀ ਪ੍ਰੇਸ਼ਾਨ ਕਰ ਰਹੇ ਸਨ ਜਿੰਨਾਂ ਦੀ ਇਸ ਮਾਮਲੇ ’ਚ ਭੂਮਿਕਾ ਪੜਤਾਲੀ ਜਾਣੀ ਚਾਹੀਦੀ ਹੈ। ਐਕਸ਼ਨ ਕਮੇਟੀ ਮੈਂਬਰ ਸੁਰੇਸ਼ ਰਾਹੀ, ਗੁਰਬੰਸ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਪ੍ਰਦੀਪ ਨਾਹਰ, ਸੂਬੇਦਾਰ ਮੇਜਰ ਸਿੰਘ ਅਤੇ ਮਨਜੀਤ ਸਿੰਘ ਨੇ ਮਿ੍ਰਤਕਾ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜਾ ਅਤੇ ਪ੍ਰੀਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਆਗੂਆਂ ਨੇ ਇਨਸਾਫ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਹੈ।
ਦੱਸੋਣਯੋਗ ਹੈ ਕਿ ਮਿ੍ਰਤਕਾ ਜੋਤੀ (26) ਪੁੱਤਰੀ ਬਲਵੀਰ ਚੰਦ ਲਾਈਨੋਪਾਰ ਇਲਾਕੇ ਦੀ ਅਮਰਪੁਰਾ ਬਸਤੀ ਦੀ ਵਸਨੀਕ ਸੀ ਜਿਸ ਦੀ ਭੇਦ ਭਰੀ ਹਾਲਤ ’ਚ ਮੌਤ ਹੋ ਗਈ ਸੀ। ਜੋਤੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿਚ ਡਾਟਾ ਐਂਟਰੀ ਓਪਰੇਟਰ ਵਜੋਂ ਕੰਮ ਕਰਦੀ ਸੀ। ਥਾਣਾ ਕੈਨਾਲ ਕਲੋਨੀ ਪੁਲਿਸ ਨੇ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਦੇ ਕਲਰਕ ਜਗਦੇਵ ਸਿੰਘ ਅਤੇ ਹੋਰ ਅਣਪਛਾਤੇ ਨੂੰ ਧਾਰਾ 302 ਤਹਿਤ ਨਾਮਜਦ ਕੀਤਾ ਸੀ। ਪ੍ਰੀਵਾਰ ਨੇ ਪੁਲਿਸ ਕੋਲ ਦਿੱਤੇ ਬਿਆਨਾਂ ’ਚ ਦੋਸ਼ ਲਾਇਆ ਹੈ ਕਿ ਜਗਦੇਵ ਸਿੰਘ ਜੋਤੀ ਤੇ ਵਿਆਹ ਕਰਵਾਉਣ ਲਈ ਕਥਿਤ ਦਬਾਅ ਪਾਉਂਦਾ ਸੀ। ਪਹਿਲਾਂ ਆਖਿਆ ਗਿਆ ਸੀ ਕਿ ਜੋਤੀ ਨੇ ਛੱਤ ਤੋਂ ਛਾਲ ਮਾਰ ਦਿੱਤੀ ਹੈ ਜਦੋਂਕਿ ਉਸ ਦੇ ਭਰਾ ਸੋਨੂੰ ਨੇ ਕਤਲ ਦਾ ਸ਼ੱਕ ਜਤਾਇਆ ਹੈ।