ਹਰਿੰਦਰ ਨਿੱਕਾ
ਸੰਗਰੂਰ, 23 ਮਈ 2020 - ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਅਤੇ ਪੰਜਾਬ ਵਿਚ ਲਗਾਏ ਗਏ ਲਾਕਡਾਊਨ ਕਾਰਨ ਕਈ ਸੂਬਿਆਂ ਦੇ ਮਜ਼ਦੂਰ ਪੰਜਾਬ ਵਿਚ ਫਸ ਗਏ ਹਨ। ਇਨ੍ਹਾਂ ਦੀਆਂ ਮੁਸ਼ਕਲਾਂ ਦਾ ਧਿਆਨ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 'ਆਤਮ ਨਿਰਭਰ ਭਾਰਤ' ਸਕੀਮ ਅਧੀਨ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਮਜ਼ਦੂਰਾਂ, ਜ਼ਿਨ੍ਹਾਂ ਦਾ ਸਮਾਰਟ ਕਾਰਡ ਜਾਂ ਨੀਲਾ ਕਾਰਡ ਨਹੀਂ ਬਣਿਆ ਹੋਇਆ ਲਈ ਆਟਾ, ਦਾਲਾਂ ਅਤੇ ਚੀਨੀ ਦਾ ਪ੍ਰਬੰਧ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦਸਿਆ ਕਿ ਲਾਕਡਾਊਨ ਕਾਰਨ ਇਥੇ ਫਸੇ ਪ੍ਰਵਾਸੀਆਂ ਅਤੇ ਹੋਰ ਮਜ਼ਦੂਰਾਂ ਦੀਆਂ ਮੁਸ਼ਕਲਾਂ ਦਾ ਖਿਆਲ ਕਰਦਿਆਂ 'ਆਤਮ ਨਿਰਭਰ ਭਾਰਤ' ਸਕੀਮ ਤਹਿਤ ਮੁਫ਼ਤ ਅਨਾਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ, ਇੰਡਸਟਰੀਅਲ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਕੰਸਟਰਕਸ਼ਨ ਮਜ਼ਦੂਰਾਂ ਤੇ ਹੋਰ ਮਜ਼ਦੂਰਾਂ ਜਿਨ੍ਹਾਂ ਕੋਲ ਸਮਾਰਟ ਜਾਂ ਨੀਲਾ ਕਾਰਡ ਨਹੀਂ ਹੈ ਨੂੰ ਆਟਾ, ਦਾਲ ਤੇ ਚੀਨੀ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪਰਿਵਾਰ ਦੇ ਹਰੇਕ ਮੈਂਬਰ ਨੂੰ ਪੰਜ ਕਿਲੋ ਆਟਾ ਤੇ ਪ੍ਰਤੀ ਪਰਿਵਾਰ ਇਕ ਕਿੱਲੋ ਦਾਲ ਤੇ ਇਕ ਕਿੱਲੋ ਚੀਨੀ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਓਵਰ ਆਲ ਇੰਚਾਰਜ਼ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਲਗਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਸ਼ਨਾਖਤ ਲਈ ਜ਼ਿਲ੍ਹੇ ਦੇ ਸਾਰੇ ਉਪ ਮੰਡਲ ਮੈਜਿਸਟਰੇਟ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਜੋ ਸੈਕਟਰ ਅਫ਼ਸਰਾਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਕਾਰਜ ਸਾਧਕ ਅਫ਼ਸਰਾਂ ਰਾਹੀ ਪ੍ਰਵਾਸੀ ਮਜ਼ਦੂਰਾਂ ਦੀ ਸ਼ਨਾਖ਼ਤ ਕਰਨਾ ਯਕੀਨੀ ਬਣਾਉਣਗੇ। ਸ੍ਰੀ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਤੇ ਵਧੀਕ ਡੀਟੀਸੀ ਸਾਹਿਲ ਕਾਲੜਾ ਪੋਰਟਲ ਤੇ ਰਜਿਸਟਰਡ ਪ੍ਰਵਾਸੀ ਮਜ਼ਦੂਰਾਂ ਅਤੇ ਇੰਡਸਟਰੀਅਲ ਮਜ਼ਦੂਰ ਦੀ ਸ਼ਨਾਖ਼ਤ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਭੱਠਾ ਮਜ਼ਦੂਰਾਂ ਦੀ ਸਨਾਖ਼ਤ ਅਤੇ ਸਹਾਇਕ ਲੇਬਰ ਕਮਿਸ਼ਨ ਕੰਸਟਰਕਸ਼ਨ ਅਤੇ ਹੋਰ ਮਜ਼ਦੂਰਾਂ ਦੀ ਸ਼ਨਾਖਤ ਕਰਨ ਲਈ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।