ਮਨਿੰਦਰਜੀਤ ਸਿੱਧੂ
- ਲੋਕਾਂ ਨੂੰ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਹੋਣ ਦੀ ਲੋੜ-ਡਾ. ਕਰਨਜੀਤ ਸਿੰਘ ਗਿੱਲ
ਜੈਤੋ, 23 ਮਈ 2020 - ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਪ੍ਰਧਾਨ ਮੰਤਰੀ ਟਰੈਕਟਰ ਸਬਸਿਡੀ ਨਾਂਅ ਦੀ ਯੋਜ਼ਨਾ ਦੇ ਬੜੇ ਚਰਚੇ ਹੋ ਰਹੇ ਸਨ। ਲੋਕਾਂ ਵਿੱਚ ਬੜੀਆਂ ਅਫਵਾਹਾਂ ਉੱਡ ਰਹੀਆਂ ਸਨ। ਅਫਵਾਹਾਂ ਮੁਤਾਬਿਕ ਕਿਹਾ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਨੇ ਲਾਕਡਾਊਨ ਤੋਂ ਬਾਅਦ ਕਿਸਾਨਾਂ ਨੂੰ ਰਾਹਤ ਦੇਣ ਲਈ ਟਰੈਕਟਰ ਯੋਜਨਾ ਚਾਲੂ ਕੀਤੀ ਹੈ। ਇਸ ਅਧੀਨ ਕਿਸਾਨਾਂ ਨੂੰ ਅੱਧੇ ਮੁੱਲ ਵਿੱਚ ਸਰਕਾਰ ਟਰੈਕਟਰ ਮੁਹੱਈਆ ਕਰਵਾਏਗੀ। ਇਹ ਵੀ ਸੁਣਨ ਵਿੱਚ ਆ ਰਿਹਾ ਸੀ ਕਿ ਟਰੈਕਟਰ ਸੰਬੰਧੀ ਬੈਂਕਾਂ ਵੱਲੋਂ ਕਰਜਾ ਦਿੱਤਾ ਜਾਵੇਗਾ। ਜਿਸ ਵਿੱਚ ਕੇਂਦਰ ਜਾਂ ਰਾਜ ਸਰਕਾਰ ਦੁਆਰਾ ਸਬਸਿਡੀ ਦਿੱਤੀ ਜਾਵੇਗੀ।ਕੁੱਝ ਅਫਵਾਹਾਂ ਮੁਤਾਬਿਕ ਟਰੈਕਟਰ ਖਰੀਦਣ ਲਈ ਬਿਨਾਂ ਵਿਆਜ ਤੋਂ ਕਰਜਾ ਦਿੱਤਾ ਜਾਵੇਗਾ।
ਇਹ ਵੀ ਦੇਖਣ ਵਿੱਚ ਆਇਆ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਉਕਤ ਅਫਵਾਹਾਂ ਤੋਂ ਪ੍ਰਭਾਵਿਤ ਹੋ ਕੇ ਬੈਂਕਾਂ ਦੇ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ ਸਨ,ਪਰ ਬੈਂਕ ਅਧਿਕਾਰੀਆਂ ਨੂੰ ਵੀ ਸਕੀਮ ਸੰਬੰਧੀ ਕੋਈ ਜਾਣਕਾਰੀ ਨਾ ਹੋਣ ਕਾਰਨ ਲੋਕ ਨਿਰਾਸ਼ ਪਰਤ ਰਹੇ ਸਨ।ਦੂਜੇ ਪਾਸੇ ਪੰਜਾਬ ਦੇ ਖੇਤੀਬਾੜੀ ਸਕੱਤਰ ਦਾ ਇੱਕ ਮੈਸਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਸੀ ਜਿਸ ਮੁਤਾਬਿਕ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਕੇਂਦਰ ਜਾਂ ਰਾਜ ਸਰਕਾਰ ਦੁਆਰਾ ਅਜਿਹੀ ਕੋਈ ਯੋਜਨਾ ਨਹੀਂ ਚਾਲੂ ਕੀਤੀ ਗਈ।
ਪਰ ਇਸ ਸਭ ਦੇ ਬਾਵਜੂਦ ਲੋਕਾਂ ਵਿੱਚ ਦੁਬਿਧਾ ਬਣੀ ਹੋਈ ਸੀ। ਜਦ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਤਾਂ ਅਸੀਂ ਆਪਣਾ ਖੋਜ ਕਾਰਜ ਆਰੰਭ ਕਰ ਦਿੱਤਾ ਅਤੇ ਇਸ ਦੀ ਪੁਸ਼ਟੀ ਸੰਬੰਧੀ ਜ਼ਿਲ਼੍ਹਾ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਉੱਪਰ ਜਾਂ ਕੁੱਝ ਸ਼ਰਾਰਤੀ ਅਨਸਰਾਂ ਦੁਆਰਾ ਪਰਚਾਰੀ ਜਾ ਰਹੀ “ਟਰੈਕਟਰ ਯੋਜਨਾ” ਬਿਲਕੁਲ ਧੋਖਾ ਹੈ।
ਕੇਂਦਰ ਜਾਂ ਰਾਜ ਸਰਕਾਰ ਵੱਲੋਂ ਅਜਿਹੀ ਕੋਈ ਯੋਜਨਾ ਸ਼ੁਰੂ ਨਹੀਂ ਕੀਤੀ ਗਈ।ਉਹਨਾਂ ਕਿਹਾ ਕਿ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਦਾ ਸੰਦੇਸ਼ ਬਿਲਕੁਲ ਸਹੀ ਹੈ।ਉਹਨਾਂ ਕਿਹਾ ਕਿ ਭੋਲੇ ਭਾਲੇ ਕਿਸਾਨਾਂ ਤੋਂ ਪੈਸੇ ਠੱਗਣ ਦੇ ਬਹਾਨੇ ਨਾਲ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ।ੳੇੇੁਹਨਾਂ ਇੱਥੋਂ ਤੱਕ ਸਪੱਸ਼ਟ ਕੀਤਾ ਕਿ ਅਜਿਹੀ ਕੋਈ ਯੋਜਨਾ ਨੂੰ ਕਿਸੇ ਪੱਧਰ ‘ਤੇ ਲਾਗੂ ਕਰਨ ਦਾ ਕੋਈ ਪ੍ਰਸਤਾਵ ਵੀ ਨਹੀਂ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਝੂਠੇ ਪ੍ਰਚਾਰ ਵਿੱਚ ਨਾ ਫਸਣ।ਜੇਕਰ ਕੋਈ ਗਲਤ ਅਨਸਰ ਸਕੀਮ ਦਾ ਫਾਇਦਾ ਦੇਣ ਬਾਰੇ ਆਖਦਾ ਹੈ ਤਾਂ ਵਿਭਾਗ ਦੇ ਧਿਆਨ ਵਿੱਚ ਲਿਆਇਆ ਜਾਵੇ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।