ਤਾਮਿਲਨਾਡੂ ਤੋਂ ਸਰਹਿੰਦ ਰੇਲਵੇ ਸਟੇਸ਼ਨ ਪੁੱਜੇ ਯਾਤਰੀ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 25 ਮਈ : ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਕਾਰਨ ਤਾਮਿਲਨਾਡੂ ਵਿੱਚ ਫਸੇ ਪੰਜਾਬ ਵਾਸੀਆਂ ਵਿੱਚੋਂ ਪੰਜਾਬ ਦੇ ਵੱਖ-ਵੱਖ ਜਿ਼ਲ੍ਹਿਆਂ ਅਤੇ ਚੰਡੀਗੜ੍ਹ ਨਾਲ ਸਬੰਧਤ 527 ਵਿਅਕਤੀ ਇਕ ਵਿਸੇਸ਼ ਰੇਲ ਗੱਡੀ ਰਾਹੀਂ ਸਰਹਿੰਦ ਰੇਲਵੇ ਸਟੇਸ਼ਨ ਪੁੱਜੇ, ਜਿੱਥੇ ਤੈਅ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਯਾਤਰੀ ਚੰਡੀਗੜ੍ਹ ਅਤੇ ਸਬੰਧਤ ਜਿਲ੍ਹਿਆਂ ਨੂੰ ਭੇਜੇ ਗਏ। ਇੱਥੇ ਵਰਨਣਯੋਗ ਹੈ ਕਿ ਸਰਹਿੰਦ ਰੇਲਵੇ ਸਟੇਸ਼ਨ ’ਤੇ ਤਾਮਿਲਨਾਡੂ ਤੋਂ ਆਏ 527 ਪੰਜਾਬੀਆਂ ਦਾ ਮੈਡੀਕਲ ਟੀਮਾਂ ਵੱਲੋਂ ਚੈਕਅੱਪ ਕਤਾ ਗਿਆ ਅਤੇ ਉਸ ਉਪਰੰਤ ਵੱਖ-ਵੱਖ ਜਿ਼ਲ੍ਹਿਆਂ ਦੇ ਨੋਡਲ ਅਫਸਰਾਂ ਨਾਲ ਇਹ ਵਿਅਕਤੀ ਅੱਗੇ ਰਵਾਨਾ ਹੋਏ।
ਸਰਹਿੰਦ ਰੇਲਵੇ ਸਟੇਸ਼ਨ ’ਤੇ ਉਤਰੇ ਯਾਤਰੀਆਂ ਨੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਜਿੱਥੇ ਪਰਵਾਸੀਆਂ ਨੂੰ ਆਪਣੇ ਜੱਦੀ ਸੂਬਿਆਂ ਵਿੱਚ ਭੇਜਣ ਲਈ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ ਚਲਾਈਆਂ, ਉਥੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਉਪਰਾਲੇ ਲਗਾਤਾਰ ਜਾਰੀ ਹਨ।
ਇਸ ਬਾਰੇ ਸਹਾਇਕ ਕਮਿਸ਼ਨਰ (ਜਨਰਲ) ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਕੋਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਗਈ ਅਤੇ ਯਾਤਰੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ। ਇਸ ਮੌਕੇ ਐਸ.ਪੀ. (ਜਾਂਚ) ਹਰਪਾਲ ਸਿੰਘ, ਡੀ.ਐਸ.ਪੀ. (ਜਾਂਚ) ਜਸਵਿੰਦਰ ਸਿੰਘ ਟਿਵਾਣਾ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਰਮਿੰਦਰ ਸਿੰਘ ਕਾਹਲੋਂ ਤੇ ਨਾਇਬ ਤਹਿਸੀਲਦਾਰ ਅਰਜੁਨ ਗਰੇਵਾਲ ਵੀ ਮੌਜੂਦ ਸਨ।