ਅਸ਼ੋਕ ਵਰਮਾ
ਫਤਿਹਗੜ੍ਹ ਸਾਹਿਬ, 26 ਮਈ 2020 - ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਮਨੈਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਦੇਖਦਿਆਂ ਪਹਿਲੀ ਨਜ਼ਰੇ ਕਸ਼ਮੀਰ ਵਾਦੀ ਦਾ ਭੁਲੇਖਾ ਪੈਂਦਾ ਹੈ। ਇਸ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਅਧਿਆਪਕਾਂ ਦੀ ਮਿਹਨਤ ਅਤੇ ਪਿੰਡ ਵਾਸੀਆਂ ਵੱਲੋਂ ਕਿਰਤ ਕਮਾਈ ਚੋਂ ਕੱਢੇ ‘ਦਸਵੰਧ’ ਨੇ ਰੰਗ ਭਾਗ ਲਾ ਦਿੱਤੇ ਹਨ। ਕੋਈ ਸਮਾਂ ਸੀ ਜਦੋਂ ਇਸ ਸਰਕਾਰੀ ਸਕੂਲ ਦੀ ਇਮਾਰਤ ਅਸੁਰੱਖਿਅਤ ਕਰਾਰ ਦਿੱਤੀ ਗਈ ਸੀ। ਜਦੋਂ ਅਧਿਆਪਕਾਂ ਨੇ ਨਵਾਂ ਕਰਨ ਦੀ ਠਾਣ ਲਈ ਤਾਂ ਨਵੇਂ ਰਾਹ ਖੁੱਲ ਪਏ। ਤਾਹੀਓਂ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਮਨੇਲਾ ਦਾ ਨਾਮ ਪੰਜਾਬ ਦੇ ਵਿੱਦਿਅਕ ਨਕਸ਼ੇ ’ਤੇ ਉੱਭਰਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ’ਚ ਇਸ ਵੇਲੇ ਸਟੇਟ ਐਵਾਰਡੀ ਜਗਤਾਰ ਸਿੰਘ ਸਮੇਤ ਛੇ ਅਧਿਆਪਕ ਹਨ ਜੋ ਕਿ ਸਕੂਲ ਦੀ ਬਿਹਤਰੀ ਲਈ ਇੱਕ ਲੜੀ ਵਿੱਚ ਪਰੋਏ ਹੋਏ ਹਨ । ਸਕੂਲ ਸਟਾਫ਼ ਤੋਂ ਇਲਾਵਾ ਮੁੱਖ ਅਧਿਆਪਕ ਦੇ ਨਾਲ ਉਸ ਦੀ ਅਧਿਆਪਕ ਪਤਨੀ ਭੁਪਿੰਦਰ ਕੌਰ ਵੀ ਵੱਡਾ ਯੋਗਦਾਨ ਪਾ ਰਹੀ ਹੈ ਜਿਸ ਨੂੰ ਕੇਂਦਰੀ ਮਨੁੱਖੀ ਵਿਕਾਸ ਸਰੋਤ ਮੰਤਰਾਲੇ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਪਿੰਡ ਦੇ ਪਤਵੰਤੇ ਦੱਸਦੇ ਹਨ ਕਿ ਇਹ ਸਕੂਲ ਅਜਾਦੀ ਤੋਂ ਪਹਿਲਾਂ ਦਾ ਬਣਿਆ ਹੋਇਆ ਸੀ। ਇੱਥੇ 15-20 ਸਕੂਲਾਂ ਦੇ ਬੱਚੇ ਪੜਨ ਲਈ ਆਉਂਦੇ ਸਨ। ਸਕੂਲ ਉਦੋਂ ਛੇਵੀਂ ਕਲਾਸ ਤੱਕ ਸੀ ਜਿਸ ਦਾ ਬਾਅਦ ’ਚ ਦਰਜਾ ਘਟ ਕੇ ਪੰਜਵੀ ਤੱਕ ਰਹਿ ਗਿਆ। ਕਰੀਬ ਅੱਠ ਵਰੇ ਪਹਿਲਾਂ ਪਿੰਡ ਦੇ ਸਕੂਲ ਦੀ ਇਮਾਰਤ ਖਸਤਾਹਾਲ ਹੋ ਗਈ ਸੀ ।
ਮਨੈਲਾ ਸਕੂਲ ਦੇ ਮੁੱਖ ਅਧਿਆਪਕ ਜਗਤਾਰ ਸਿੰਘ ਦੇ ਜਜ਼ਬੇ ਨੇ ਹੁੰਗਾਰਾ ਭਰਿਆ ਤਾਂ ਹੁਣ ਲੋੜ ਪੈਣ ਤੇ ਸਮੁੱਚਾ ਪਿੰਡ ਇੱਕ ਮੋਰੀ ਲੰਘਦਾ ਹੈ। ਜਗਤਾਰ ਸਿੰਘ ਦੱਸਦਾ ਹੈ ਕਿ ਉਸ ਦੀ ਸਾਲ 2016 ’ਚ ਬਦਲੀ ਹੋਈ ਸੀ। ਉਸ ਵਕਤ ਸਕੂਲ ਦੀ ਇਮਾਰਤ ਅਸੁਰੱਖਿਅਤ ਸੀ। ਜਿਸ ਥਾਂ ਤੇ ਸਕੂਲ ਬਣਿਆ ਹੋਇਆ ਹੈ ਉਹ ਪੰਚਾਇਤੀ ਜਮੀਨ ਸੀ। ਇਸ ਜਗ੍ਹਾ ਤੇ ਨਜਾਇਜ ਕਬਜੇ ਕਰਕੇ ਕੂੜਾ ਡੰਪ ਬਣਾਇਆ ਸੀ ਅਤੇ ਲੋਕ ਥਾਂ ਦੀ ਵਰਤੋਂ ਪਾਥੀਆਂ ਪੱਥਣ ਲਈ ਕਰਦੇ ਸਨ। ਪਿੰਡ ਦੀ ਪੰਚਾਇਤ ਅਤੇ ਕਲੱਬ ਦੇ ਸਹਿਯੋਗ ਨਾਲ ਜਗਾ ਤੇ ਸਕੂਲ ਦੀ ਇਮਾਰਤ ਉਸਾਰੀ ਗਈ ਹੈ। ਉਸਾਰੀ ਦੀ ਸ਼ੁਰੂ ਕਰਨ ਮੌਕੇ ਸਕੂਲ ਦਾ ਨੀਂਹ ਪੱਥਰ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਰੱਖਿਆ ਸੀ। ਸਤੰਬਰ 2017 ਵਿੱਚ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਮਨੇਲਾ ਹੋਂਦ ’ਚ ਆਇਆ। ਹੁਣ ਤਾਂ ਸਵੱਛ ਭਾਰਤ ਮੁਹਿੰਮ ਤਹਿਤ ਸਕੂਲ ਨੂੰ ਸਭ ਤੋਂ ਸੁੰਦਰ ਸਕੂਲ ਹੋਣ ਦਾ ਮਾਣ ਪ੍ਰਾਪਤ ਹੈ।
ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਡਿਜੀਟਲ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਕਰਕੇ ਬੱਚਿਆਂ ਦੀ ਗਿਣਤੀ ਪਿਛਲੇ ਵਰਿਆਂ ਦੌਰਾਨ 60 ਫੀਸਦੀ ਵਧੀ ਹੈ। ਇੰਨਾਂ ’ਚ ਪ੍ਰਾਈਵੇਟ ਸਕੂਲ ਛੱਡ ਕੇ ਆਉਣ ਵਾਲੇ ਕਾਫੀ ਬੱਚੇ ਹਨ । ਕੈਂਪਸ ਵਿੱਚ ਜ਼ਰੂਰਤ ਮੁਤਾਬਕ ਸਟੇਜ ਤਿਆਰ ਬਣੀ ਹੋਈ ਹੈ। ਕੰਧਾਂ ਅਤੇ ਕਲਾਸ ਰੂਮ ’ਚ ਮਾਟੋਜ ਅਤੇ ਪੇਂਟਿੰਗਜ਼ ਬਣੀਆਂ ਹੋਈਆਂ ਹਨ। ਸਕੂਲ ਵਿੱਚ ਚਾਰ ਸਮਾਰਟ ਕਲਾਸ ਰੂਮ ਹਨ ਅਤੇ ਵੱਖਰਾ ਦਫਤਰ ਹੈ।
ਦਾਨੀ ਸੱਜਣਾ ਨੇ ਸਕੂਲ ਲਈ ਪ੍ਰੋਜੈਕਟਰ ਅਤੇ ਸੀ.ਪੀ.ਯੂ ਵਗ਼ੈਰਾ ਦਾਨ ਵਜੋਂ ਦੇ ਦਿੱਤੇ। ਲਾਇਬਰੇਰੀ , ਰੀਡਿੰਗ ਹਾਲ ਤੇ ਈ-ਕਲਾਸ ਰੂਮ ਸਕੂਲ ਦੀ ਬੌਧਿਕ ਸਿਹਤ ਦਾ ਪ੍ਰਤੀਕ ਹੈ। ਹਰ ਕਮਰਾ ਨਵੀਂ ਦਿੱਖ ਵਾਲਾ ਹੈ ਜਿਸ ’ਚ ਰੰਗ ਬਿਰੰਗਾ ਫਰਨੀਚਰ ਲੱਗਿਆ ਹੋਇਆ ਹੈ। ਲੜਕੇ ਅਤੇ ਲੜਕੀਆਂ ਲਈ ਵੱਖੋ ਵੱਖਰੇ ਵਾਸ਼ ਰੂਮ ਹਨ। ਮਿੱਡ ਡੇਅ ਮੀਲ ਤਿਆਰ ਕਰਨ ਲਈ ਕਿਚਨ ਵਾਸਤੇ ਸ਼ੈਡ ਬਣਿਆ ਹੋਇਆ ਹੈ। ਬੱਚੇ ਮੇਜਾਂ ਤੇ ਬੈਠ ਕੇ ਭੋਜਨ ਛਕਦੇ ਹਨ। ਪੀਣ ਲਈ ਫਿਲਟਰ ਦਾ ਸਾਫ ਸੁਥਰਾ ਪਾਣੀ ਉਪਲਬਧ ਕਰਵਾਇਆ ਜਾਂਦਾ ਹੈ। ਬੱਚਿਆਂ ਦੇ ਖੇਡਣ ਲਈ ਝੂਲੇ ਆਦਿ ਲਗਾਏ ਗਏ ਹਨ। ਸਕੂਲ ਕੈਂਪਸ ਦੇ ਅੰਦਰ ਹਰੀ ਪੱਟੀ ਵਿਕਸਤ ਕੀਤੀ ਗਈ ਹੈ। ਬਿਜਲੀ ਜਾਣ ਤੇ ਇਨਵਰਟਰ ਦਾ ਪ੍ਰਬੰਧ ਹੈ। ਛੋਟੇ ਬੱਚਿਆਂ ਲਈ ਦੇ ਕਮਰੇ ’ਚ ਏਸੀ ਲੱਗਾਇਆ ਗਿਆ ਹੈ। ਜਗਤਾਰ ਸਿੰਘ ਦੱਸਦਾ ਹੈ ਕਿ ਲੋਕਾਂ ਨੂੰ ਜਦੋਂ ਸਕੂਲ ਲਈ ਪ੍ਰੇਰਿਆ ਤਾਂ ਹਰ ਕੋਈ ਅੱਗੇ ਆਇਆ, ਜਿਸ ਵਜੋਂ ਸਕੂਲ ਦਾ ਨਾਮ ਚਮਕਿਆ ਹੈ।
ਨਵਾਂ ਰਾਹ ਬਨਾਉਣ ਦੀ ਕੋਸ਼ਿਸ਼
ਅਧਿਆਪਕ ਜਗਤਾਰ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਆਪਣੇ ਸਕੂਲ ’ਤੇ ਫਖਰ ਹੈ ਅਤੇ ਸਾਰਿਆਂ ਨੇ ਮਿਲਕੇ ਨਵਾਂ ਰਾਹ ਬਨਾਉਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਆਖਿਆ ਕਿ ਇਸ ਵਾਸਤੇ ਸਰਕਾਰੀ ਫੰਡਾਂ ਤੋਂ ਇਲਾਵਾ ਸੰਸਦੀ ਕੋਟੇ ਦੀ ਰਾਸ਼ੀ ਅਤੇ ਦਾਨੀ ਸੱਜਣਾਂ ਦਾ ਵੀ ਸਹਿਯੋਗ ਹੈ। ਉਨਾਂ ਕਿਹਾ ਕਿ ਸਕੂਲ ਵਿਚ ਸਭ ਆਧੁਨਿਕ ਸਹੂਲਤਾਂ ਹਨ, ਜਿਸ ਨਾਲ ਹੁਣ ਪ੍ਰ੍ਰਾਈਵੇਟ ਸਕੂਲਾਂ ਨੂੰ ਫਿਕਰ ਖੜਾ ਹੋਇਆ ਹੈ।
ਹਿੰਮਤੇ ਮਰਦਾਂ ਮੱਦਦੇ ਖੁਦਾ:ਡੀਈਓ
ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਦਿਨੇਸ਼ ਕੁਮਾਰ ਦਾ ਕਹਿਣਾ ਸੀ ਕਿ ਜਗਤਾਰ ਸਿੰਘ ਦੀ ਮਿਹਨਤ ਅਤੇ ਦਾਨੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਮਨੇਲਾ ਦੇ ਦਿਨ ਬਦਲ ਗਏ ਹਨ। ਉਨਾਂ ਆਖਿਆ ਕਿ ਹੁਣ ਇਹ ਸਕੂਲ ਇਸ ਮੁਕਾਮ ਤੇ ਪੁੱਜ ਗਿਆ ਹੈ ਕਿ ਬਹੁਤੇ ਮਾਪੇ ਇਸ ਸਕੂਲ ’ਚ ਆਪੇ ਬੱਚੇ ਪੜ੍ਹਾਉਣ ਚਾਹੁੰਦੇ ਹਨ। ਉਨਾਂ ਕਿਹਾ ਕਿ ਪਿੰਡ ਵਾਸੀ ਅਤੇ ਸਟਾਫ਼ ਮੈਂਬਰਾਂ ਦਾ ਏਦਾਂ ਦਾ ਸਹਿਯੋਗ ਰਿਹਾ ਤਾਂ ਉਹ ਨੇੜਲੇ ਪ੍ਰਾਈਵੇਟ ਸਕੂਲਾਂ ਨੂੰ ਚੋਂ ਹੋਰ ਵੀ ਬੱਚੇ ਲਿਆਉਣ ਦੇ ਸਮਰੱਥ ਹੋ ਜਾਣਗੇ।