- ਐਸ.ਡੀ.ਐਮ. ਮਲੇਰਕੋਟਲਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਹੋਟਲਾਂ, ਮੈਰਿਜ ਪੈਲੇਸਾਂ ਵਿਚ ਕੀਤੀ ਛਾਪੇਮਾਰੀ
ਮਲੇਰਕੋਟਲਾ, 26 ਮਈ 2020 - ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਦੀ ਅਗਵਾਈ ਹੇਠ ਅੱਜ ਸਬ ਡਵੀਜ਼ਨ ਮਲੇਰਕੋਟਲਾ ਅਤੇ ਸਬ ਡਵੀਜ਼ਨ ਅਹਿਮਦਗੜ੍ਹ ਵਿਚ ਵੱਖ-ਵੱਖ ਟੀਮਾਂ ਨੇ ਮੈਰਿਜ ਪੈਲੇਸਾਂ, ਹੋਟਲਾਂ ਆਦਿ ਵਿਚ ਛਾਪੇਮਾਰੀ ਕੀਤੀ.ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ-ਅਹਿਮਦਗੜ੍ਹ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਮਹਾਰਾਜ ਹੋਟਲ, ਅਮਰਗੜ੍ਹ ਵਿਖੇ ਖੁਦ ਛਾਪੇਮਾਰੀ ਕੀਤੀ।
ਪਾਂਥੇ ਨੇ ਦੱਸਿਆ ਕਿ ਇਸ ਤੋਂ ਬਾਅਦ ਇਕ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਰਾਮਪੁਰ ਛੰਨਾ ਦੇ ਇਕ ਘਰ ਵਿਚ ਵੀ ਅਚਨਚੇਤ ਛਾਪਾ ਮਾਰਿਆ ਗਿਆ। ਪਾਂਥੇ ਨੇ ਦੱਸਿਆ ਕਿ ਭਾਵੇਂ ਇਸ ਛਾਪੇਮਾਰੀ ਵਿਚ ਕੁਝ ਵੀ ਬਰਾਮਦ ਨਹੀਂ ਹੋਇਆ ਪਰੰਤੂ ਸ਼ੱਕ ਦੇ ਆਧਾਰ ਉਪਰ ਇਹ ਛਾਪੇਮਾਰੀ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ। ਇਸ ਛਾਪੇਮਾਰੀ ਸਮੇਂ ਜਗਦੀਪਇੰਦਰ ਸਿੰਘ, ਨਾਇਬ ਤਹਿਸੀਲਦਾਰ ਅਮਰਗੜ੍ਹ ਅਤੇ ਰਾਜੇਸ਼ ਕੁਮਾਰ, ਮੁੱਖ ਥਾਣਾ ਅਫਸਰ, ਅਮਰਗੜ੍ਹ ਵੀ ਮੌੌਜੂਦ ਸਨ।
ਪਾਂਥੇ ਨੇ ਦੱਸਿਆ ਕਿ ਇਸ ਤੋੋਂ ਇਲਾਵਾ ਸਬ ਡਵੀਜ਼ਨ ਮਾਲੇਰਕੋਟਲਾ ਵਿਚ 9 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਨੇ ਅੱਜ ਵੱਖ-ਵੱਖ ਹੋਟਲਾਂ, ਮੈਰਿਜ ਪੈਲੇਸਾਂ, ਸ਼ੈਲਰਾਂ ਆਦਿ ਦੀ ਚੈਕਿੰਗ ਕੀਤੀ.ਇਸੇ ਤਰ੍ਹਾਂ ਅਹਿਮਦਗੜ੍ਹ ਸਬ ਡਵੀਜ਼ਨ ਵਿਚ ਵੀ 7 ਟੀਮਾਂ ਦਾ ਗਠਨ ਕੀਤਾ ਗਿਆ ਹੈ। ਪਾਂਥੇ ਨੇ ਕਿਹਾ ਕਿ ਸਬ ਡਵੀਜ਼ਨ ਮਲੇਰਕੋਟਲਾ ਅਤੇ ਅਹਿਮਦਗੜ੍ਹ ਵਿਚ ਕਿਸੇ ਵੀ ਵਿਅਕਤੀ ਨੂੰ ਬਾਹਰਲੇ ਰਾਜਾਂ ਦੀ ਸ਼ਰਾਬ ਜਾਂ ਗੈਰ ਕਾਨੂੰਨੀ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪਾਂਥੇ ਨੇ ਸਬ ਡਵੀਜ਼ਨ ਮਲੇਰਕੋਟਲਾ ਅਤੇ ਅਹਿਮਦਗੜ੍ਹ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ਵਿਚ ਆਉਂਦਾ ਹੈ ਕਿ ਕੋਈ ਵਿਅਕਤੀ ਬਾਹਰਲੇ ਰਾਜ ਦੀ ਸ਼ਰਾਬ ਜਾਂ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚ ਰਿਹਾ ਹੈ ਤਾਂ ਉਹ ਤੁਰੰਤ ਐਸ.ਡੀ.ਐਮ. ਦਫਤਰ, ਮਲੇਰਕੋਟਲਾ ਦੇ ਕੰਟਰੋਲ ਰੂਮ ਨੰਬਰ 01675-253025 ਅਤੇ ਐਸ.ਡੀ.ਐਮ. ਦਫਤਰ ਅਹਿਮਦਗੜ੍ਹ ਦੇ ਕੰਟਰੋਲ ਰੂਮ ਨੰਬਰ 01675-241111 ਜਾਂ ਫਿਰ ਉਨ੍ਹਾਂ ਦੇ ਨਿੱਜੀ ਮੋਬਾਇਲ 8437601212 ਉਪਰ ਸੂਚਨਾ ਦੇ ਸਕਦੇ ਹਨ.ਸ੍ਰੀ ਪਾਂਥੇ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।
ਪਾਂਥੇ ਨੇ ਦੱਸਿਆ ਕਿ ਸਬ ਡਵੀਜ਼ਨ ਮਲੇਰਕੋਟਲਾ ਵਿਚ ਅੱਜ ਵੱਖ-ਵੱਖ ਟੀਮਾਂ ਨੇ 35 ਥਾਵਾਂ ਉਪਰ ਜਦਕਿ ਸਬ ਡਵੀਜ਼ਨ ਅਹਿਮਦਗੜ੍ਹ ਵਿਚ 6 ਥਾਵਾਂ ਉਪਰ ਅਚਾਨਕ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਛਾਪੇਮਾਰੀ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ।