ਅਸ਼ੋਕ ਵਰਮਾ
ਚੰਡੀਗੜ੍ਹ, 26 ਮਈ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਝੋਨੇ ਦੇ ਬੀਜ ਦੀ ਵਿੱਕਰੀ ’ਚ ਹੋਏ ਘਪਲੇ ਦੀ ਨਿਰਪੱਖ ਜਾਂਚ ਕਰਕੇ ਪੀੜਤ ਕਿਸਾਨਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਐਤਕੀਂ ਰਿਲੀਜ਼ ਕੀਤੀਆਂ ਝੋਨੇ ਦੀਆਂ ਉੱਨਤ ਕਿਸਮਾਂ ਪੀ.ਆਰ. 128 ਅਤੇ ਪੀ.ਆਰ.129 ਦਾ ਬੀਜ ਸਿਰਫ ਯੂਨੀਵਰਸਿਟੀ ਵਿੱਚੋਂ ਅਤੇ ਜ਼ਿਲ੍ਹਾ ਕਿਸਾਨ ਵਿਕਾਸ ਕੇਂਦਰਾਂ ਵਿੱਚੋਂ ਹੀ 70 ਰੁਪਏ ਪ੍ਰਤੀ ਕਿਲੋ ਦੇ ਵੇਚਣ ਦਾ ਪ੍ਰਬੰਧ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸਾਹਮਣੇ ਇਹੀ ਬੀਜ 200 ਰੁ: ਪ੍ਰਤੀ ਕਿਲੋ ਵੇਚੇ ਜਾ ਰਹੇ ਸਨ ਜਿਸ ਬਾਰੇ ਪਤਾ ਲੱਗਣ ਤੇ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਵੱਲੋਂ ਮਾਰੇ ਛਾਪੇ ਦੇ ਸਬੂਤਾਂ ਹੇਠ ਇਹਨਾਂ ਵਿਰੁੱਧ ਥਾਣਾ ਡਵੀਜਨ ਨੰ: 5 ਵਿੱਚ ਐਫ.ਆਰ.ਆਈ.ਆਰ ਵੀ ਦਰਜ ਹੋ ਚੁੱਕੀ ਹੈ ਜਦੋਂਕਿ ਲੁਧਿਆਣਾ ਲਾਡੋਵਾਲ ਜਗਰਾਓ ਬਰਨਾਲਾ ਅੰਮਿ੍ਰਤਸਰ ਵਿਖੇ ਵੀ ਅਜਿਹੇ ਸਕੈਂਡਲਾਂ ਦੀ ਪੜਤਾਲ ਚੱਲ ਰਹੀ ਹੈ।
ਆਗੂਆਂ ਨੇ ਦੋਸ਼ ਲਾਇਆ ਹੈ ਕਿ ਨਾਮਜ਼ਦ ਕੀਤੇ ਜਾ ਚੁੱਕੇ ਦੋੋਸ਼ੀਆਂ ਖਿਲਾਫ ਫੌਰੀ ਸਖਤ ਕਾਨੂੰਨੀ ਕਾਰਵਾਈ ਕਰਨ ਵਿੱਚ ਅਤੇ ਚੱਲ ਰਹੀਆਂ ਪੜਤਾਲਾਂ ਵਿੱਚ ਲਮਕ ਲਮਕਾਈ ਇਸ ਗੰਭੀਰ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਵੱਲ ਸੰਕੇਤ ਜਾਪਦੇ ਹਨ। ਉਹਨਾਂ ਖਦਸ਼ਾ ਜ਼ਾਹਰ ਕੀਤਾ ਹੈ ਕਿ ਕਾਂਗਰਸ ਦੀ ਕੈਪਟਨ ਸਰਕਾਰ ਵੀ ਇਸ ਕਿਸਾਨ ਵਿਰੋਧੀ ਸਕੈਂਡਲ ਨੂੰ ਉਸੇ ਤਰਾਂ ਆਇਆ ਗਿਆ ਕਰਨ ਵੱਲ ਵੱਧ ਰਹੀ ਹੈ ਜਿਸ ਤਰਾਂ ਆਪਣੀ ਵਾਰੀ ਮੌਕੇ ਅਕਾਲੀ-ਭਾਜਪਾ ਦੀ ਬਾਦਲ ਸਰਕਾਰ ਨੇ ਨਕਲੀ ਕੀੜੇਮਾਰ ਦਵਾਈਆਂ ਤੇ ਬੀਜਾਂ ਦੇ ਸਕੈਂਡਲ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਸੀ।
ਕਿਸਾਨ ਆਗੂਆਂ ਨੇ ਇਸ ਸਕੈਂਡਲ ਦੀ ਪੜਤਾਲ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰਨ ਅਤੇ ਦੋਸ਼ੀ ਪਾਏ ਜਾਣ ਵਾਲੇ ਕੰਪਨੀ ਮਾਲਕਾਂ ਤੇ ਡੀਲਰਾਂ ਸਮੇਤ ਅੱਖਾਂ ਮੀਚਣ ਵਾਲਿਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਤੋਂ ਇਲਾਵਾ ਇਸ ਸਕੈਂਡਲ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਨਕਲੀ ਬੀਜਾਂ ਦੇ ਰੱਤ ਨਿਚੋੜ ਰੇਟਾਂ ਅਤੇ ਫਸਲੀ ਘਾਟੇ ਕਾਰਨ ਹੋਏ ਨੁਕਸਾਨ ਦੀ ਪੂਰੀ-ਪੂਰੀ ਭਰਪਾਈ ਕਰਕੇ ਰਾਹੀਂ ਸਹੀ ਇਨਸਾਫ ਦੇਣ ਦੀ ਮੰਗ ਕੀਤੀ। ਉਨਾਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਨਤਕ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।