ਫਿਰੋਜ਼ਪੁਰ, 26 ਮਈ 2020: ਫਿਰੋਜ਼ਪੁਰ ਦੇ ਪਿੰਡ ਰੱਜੀ ਵਾਲਾ ਵਿਖੇ ਪਿੰਡ ਦੀ ਫਰਨੀ ਦੀ ਗਲੀ ਦੇ ਝਗੜੇ ਨੂੰ ਲੈ ਕੇ ਪਤੀ ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ 5 ਵਿਅਕਤੀਆਂ ਖਿਲਾਫ 323, 324, 341, 506, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜੀਤਾ ਪੁੱਤਰ ਮੰਗਤ ਵਾਸੀ ਪਿੰਡ ਰੱਜੀਵਾਲਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਕੁਝ ਵਿਅਕਤੀਆਂ ਨਾਲ ਪਿੰਡ ਦੀ ਫਿਰਨੀ ਦੀ ਗਲੀ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ।
ਜੀਤਾ ਨੇ ਦੋਸ਼ ਲਗਾਇਆ ਹੈ ਕਿ ਇਸੇ ਰੰਜ਼ਿਸ਼ ਦੇ ਚੱਲਦੇ 22 ਮਈ 2020 ਦੀ ਸ਼ਾਮ ਨੂੰ ਦੋਸ਼ੀਅਨ ਪ੍ਰੇਮ ਸਿੰਘ ਪੁੱਤਰ ਅਮਾਨਤ, ਅਮਨ ਪੁੱਤਰ ਪ੍ਰੇਮ ਸਿੰਘ, ਗੋਰਾ ਪੁੱਤਰ ਪ੍ਰੇਮ ਸਿੰਘ, ਦਿਆਲ ਪੁੱਤਰ ਪ੍ਰੇਮ ਸਿੰਘ, ਬਲਵਿੰਦਰ ਸਿੰਘ ਪੁੱਤਰ ਖਰੈਤ ਵਾਸੀਅਨ ਪਿੰਡ ਰੱਜੀਵਾਲਾ ਨੇ ਹਮਮਸ਼ਵਰਾ ਹੋ ਕੇ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ ਦੀ ਅਤੇ ਉਸ ਦੀ ਪਤਨੀ ਸ਼ੀਰੋ ਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ ਹਨ। ਜੀਤਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਮਹੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਜੀਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।